ਗਵਾਲਪਾੜਾ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਵਿਚ ਦੀਵਾਲੀ ਦੇ ਮੌਕੇ ‘ਤੇ ਖੇਡੇ ਜਾ ਰਹੇ ਜੁਏ ਦੌਰਾਨ ਅੱਤਵਾਦੀ ਸੈਨਿਕ ਪਹਿਰਾਵੇ ਵਿੱਚ ਆਏ ਅਤੇ ਗੋਲੀਬਾਰੀ ਦੌਰਾਨ 7 ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ 10 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀਂ ਹੋ ਗਏ। ਜ਼ਖ਼ਮੀਆਂ ਵਿੱਚ ਚਾਰ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਹਮਲਾ ਐਤਵਾਰ ਰਾਤ ਨੂੰ ਉਸ ਵਕਤ ਕੀਤਾ ਗਿਆ ਜਦੋਂ ਸਭ ਲੋਕ ਦੀਵਾਲੀ ਦੇ ਜਸ਼ਨ ਵਿੱਚ ਡੁੱਬੇ ਹੋਏ ਸਨ। ਅਚਾਨਕ ਹਥਿਆਰਬੰਦ ਲੋਕਾਂ ਨੇ ਆ ਕੇ ਭੀੜ ‘ਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਸਾਰੇ ਹਮਲਾਵਰ ਜੰਗਲਾਂ ਦੇ ਰਸਤੇ ਫਰਾਰ ਹੋ ਗਏ। ਸਰਕਾਰੀ ਸੂਤਰਾਂ ਅਨੁਸਾਰ ਜ਼ਖਮੀਆਂ ਨੂੰ ਗਵਾਪਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੁਪਰਡੈਂਟ ਅਨੁਸਾਰ 6 ਵਿਅਕਤੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿਸ ਵਿੱਚੋਂ 1 ਵਿਅਕਤੀ ਮ੍ਰਿਤਕ ਲਿਆਂਦਾ ਗਿਆ ਕਰਾਰ ਦਿੱਤਾ ਗਿਆ। ਗੰਭੀਰ ਰੂਪ ਵਿੱਚ ਜ਼ਖਮੀ 1 ਵਿਅਕਤੀ ਦਾ ਆਪ੍ਰੇਸ਼ਨ ਕੀਤਾ ਗਿਆ ਜਦ ਕਿ ਚਾਰ ਹੋਰਨਾਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 3 ਹੋਰ ਜ਼ਖਮੀਆਂ ਨੂੰ ਗੋਲਪਾੜਾ ਦੇ ਸਰਕਾਰੀ ਹਸਪਤਾਲ ਵਿੱਚ ਅਤੇ 1 ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਆਟੋਮੈਟਿਕ ਹਥਿਆਰਾਂ ਨਾਲ ਲੈਸ ਮੇਘਾਲਿਆ ਦੇ ਗਾਰੋ ਨੈਸ਼ਨਲ ਲਿਬ੍ਰੇਸ਼ਨ ਆਰਮੀ ਦੇ ਸ਼ੱਕੀ ਅੱਤਵਾਦੀਆਂ ਨੇ ਅਗੀਆ ਪੁਲਿਸ ਥਾਣੇ ਤਹਿਤ ਆਉਣ ਵਾਲੇ ਕਸਬਾ ਗੇਂਦਮਾਰੀ ਵਿੱਚ ਦੀਵਾਲੀ ਦੇ ਮੌਕੇ ਜੁਆ ਖੇਡ ਰਹੇ ਇੱਕ ਗਰੁੱਪ ਉੱਪਰ ਅੰਨ੍ਹੇਵਾਹ ਗੋਲੀਆਂ ਬਰਾਈਆਂ। ਜ਼ਿਕਰਯੋਗ ਹੈ ਕਿ ਗੋਲਪਾੜਾ ਜ਼ਿਲ੍ਹੇ ਵਿੱਚ ਬੀਤੀ 20 ਅਕਤੂਬਰ ਤੋਂ ਹੀ ਹਿੰਸਾ ਜਾਰੀ ਹੈ। ਸੂਤਰਾਂ ਨੇ ਇਸ ਗੱਲ ਨੂੰ ਖਾਰਿਜ ਕੀਤਾ ਕਿ ਬੀਤੀ ਰਾਤ ਦੀ ਵਾਰਦਾਤ ਪ੍ਰੀਸ਼ਦ ਚੋਣਾਂ ਨਾਲ ਸਬੰਧਤ ਸੀ।