June 23, 2026 5:41 pm

ਪਟਨਾ ਬੰਬ ਧਮਾਕੇ : ਸ਼ੱਕੀ ਹਮਲਾਵਰ ਦੀ ਲਾਸ਼ ਲੈਣ ਤੋਂ ਪਰਿਵਾਰ ਵੱਲੋਂ ਇਨਕਾਰ

ਪਟਨਾ, 4 ਨਵੰਬਰ (ਪੀ.ਟੀ.ਬਿਊਰੋ)-ਪਟਨਾ ਬੰਬ ਧਮਾਕਿਆਂ ਦੇ ਇਕ ਸ਼ੱਕੀ ਹਮਲਾਵਰ ਐਨੁਲ ਅੰਸਾਰੀ ਉਰਫ਼ ਤਾਰਿਕ ਦੀ ਮੌਤ ਤੋਂ ਤਿੰਨ ਦਿਨ ਬਾਅਦ ਵੀ ਉਸ ਦੇ ਪਰਿਵਾਰ ਤੋਂ ਕੋਈ ਲਾਸ਼ ‘ਤੇ ਦਾਅਵਾ ਕਰਨ ਨਹੀਂ ਪੁੱਜਾ। ਪੁਲਿਸ ਅਨੁਸਾਰ ਉਸ ਦੇ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਐਨੁਲ ਦੇ 70 ਸਾਲਾ ਪਿਤਾ ਅਤਾਉੱਲਾ ਅੰਸਾਰੀ ਰਾਂਚੀ ਦੇ ਧਰੁਵਾ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਸਰਵਜਨਕ ਤੌਰ ‘ਤੇ ਐਲਾਨ ਕਰ ਦਿੱਤਾ ਹੈ ਕਿ ਉਹ ਲਾਸ਼ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਤਾਰਿਕ ਅੱਤਵਾਦੀ ਸੀ ਤੇ ਗੰਭੀਰ ਜ਼ਖ਼ਮੀਂ ਹੈ, ਤਦ ਹੀ ਉਨ੍ਹਾਂ ਐਲਾਨ ਕਰ ਦਿੱਤਾ ਸੀ ਕਿ ਤਾਰਿਕ ਉਨ੍ਹਾਂ ਦਾ ਬੇਟਾ ਨਹੀਂ ਹੈ ਤੇ ਇਸ ਲਈ ਲਾਸ਼ ‘ਤੇ ਦਾਅਵਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਇਸਲਾਮ ‘ਚ ਅੱਤਵਾਦ ਦਾ ਕੋਈ ਸਥਾਨ ਨਹੀਂ ਹੈ। ਅਤਾਉੱਲਾ ਨੇ ਕਿਹਾ ਕਿ ਐਨੁਲ ਨੇ ਇਸਲਾਮ ਦੇ ਨਿਯਮ ਦਾ ਉਲੰਘਣ ਕੀਤਾ ਹੈ ਇਸ ਲਈ ਤਾਰਿਕ ਉਨ੍ਹਾਂ ਦਾ ਬੇਟਾ ਨਹੀਂ ਹੈ। ਪਟਨਾ ਦੇ ਪੁਲਿਸ ਅਧਿਕਾਰੀ (ਰੇਲਵੇ) ਉਪੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਿਸ 72 ਘੰਟਿਆਂ ਤੱਕ ਉਸ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰੱਖੇਗੀ ਤੇ ਜੇਕਰ ਫਿਰ ਵੀ ਕਿਸੇ ਨੇ ਲਾਸ਼ ‘ਤੇ ਦਾਅਵਾ ਨਾ ਕੀਤਾ ਤਾਂ ਉਸ ਦੀ ਲਾਸ਼ ਨੂੰ ਇਸਲਾਮੀ ਰੀਤੀ ਰਿਵਾਜ ਅਨੁਸਾਰ ਦਫ਼ਨਾ ਦਿੱਤਾ ਜਾਵੇਗਾ।

Send this to a friend