ਕੋਟਕਪੂਰਾ, 15 ਸਤੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਅੱਜ ਸਵੇਰੇ ਕੋਟਕਪੂਰਾ-ਸ਼੍ਰੀ ਮੁਕਤਸਰ ਸਾਹਿਬ ਸੜਕ ’ਤੇ ਸਰਕਾਰੀ ਬੱਸ ਅਤੇ ਇਕ ਮੋਟਰਸਾਈਕਲ ਦੀ ਜਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੜਕਿਆਂ ਦੀ ਮੌਤ ਹੋ ਗਈ। ਅੱਜ ਸਵੇਰੇ ਕਰੀਬ 9.30 ਵਜੇ ਸ਼੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਮੁਹਾਲੀ ਡਿਪੂ ਦੀ ਬੱਸ ਨੰਬਰ ਪੀ.ਬੀ. 65 ਐਲ 8175 ਜਦ ਇੰਡੇਨ ਗੈਸ ਕੋਟਕਪੂਰਾ ਦੇ ਗੋਦਾਮ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀ.ਬੀ 04 ਐਕਸ 9841 ਸਵਾਰ ਦੋ ਲੜਕੇ ਮਨਜਿੰਦਰ ਸਿੰਘ (19) ਪੁੱਤਰ ਨਰਿੰਦਰ ਸਿੰਘ ਅਤੇ ਪ੍ਰੀਤ(16) ਪੁੱਤਰ ਹੁਕਮ ਸਿੰਘ ਵਾਸੀਆਨ ਰਿਸ਼ੀ ਨਗਰ, ਜਲਾਲੇਆਣਾ ਰੋਡ ਕੋਟਕਪੂਰਾ ਦੀ ਬੱਸ ਦਾ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਦੋਨੋਂ ਲੜਕਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਦੇ ਡਰਾਇਵਰ ਵੱਲੋਂ ਹਾਦਸੇ ਨੂੰ ਰੋਕਣ ਲਈ ਪੂਰੀ ਵਾਹ ਲਾਈ ਪਾਰ ਟੱਕਰ ਇੰਨ੍ਹੀ ਜਬਰਦਸਤ ਸੀ ਕਿ ਬੱਸ ਮੋਟਰਸਾਈਕਲ ਨੂੰ ਘੜੀਸਦੀ ਕਾਫ਼ੀ ਦੂਰ ਤੱਕ ਲੈ ਗਈ ਅਤੇ ਅੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਦੋਨੋਂ ਲੜਕੇ ਸਿਲੰਡਰ ਭਰਾਉਣ ਲਈ ਜਾ ਰਹੇ ਸਨ ਅਤੇ ਜਦ ਉਹ ਗੈਸ ਗੋਦਾਮ ਨੂੰ ਜਾਣ ਲਈ ਮੁੜਨ ਲੱਗੇ ਤਾਂ ਬੱਸ ਨਾਲ ਟੱਕਰ ਹੋ ਗਈ। ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਿਆਂ ਦੀ ਲਾਸ਼ਾਂ ਅਤੇ ਹਾਦਸਾਗ੍ਰਸਤ ਬੱਸ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕ ਲੜਕਿਆਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਕੋਟਕਪੂਰਾ ਨੇੜੇ ਬੱਸ-ਮੋਟਰਸਾਈਕਲ ਹਾਦਸਾ-ਦੋ ਲੜਕਿਆਂ ਦੀ ਮੌਤ



