ਪਟਿਆਲਾ ਜਿਲੇ ਦੇ ਮਸਹੂਰ ਪਿੰਡ ਟੌਹੜਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ 9 ਸਾਲ ਪਹਿਲਾਂ ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਸੀ । ਕਬੱਡੀ ਦੇ ਨਾਲ ਨਾਲ ਸਾਡੇ ਜੀਵਨ ਚੋ ਅਲੋਪ ਹੋ ਰਹੀਆ ਹੋਰਨਾ ਖੇਡਾਂ ਨੂੰ ਸੰਜੀਵਤ ਕਰਨ ਦੇ ਉਪਰਾਲੇ ਇਸ ਟੂਰਨਾਮੈਂਟ ਵਿੱਚ ਹਰ ਸਾਲ ਕੀਤੇ ਜਾਂਦੇ ਹਨ । ਪਟਿਆਲਾ ਜਿਲੇ ਦਾ ਇਹ ਪਹਿਲਾ ਖੇਡ ਮੇਲਾ ਹੈ ਜਿੱਥੇ ਕਬੱਡੀ ਖਿਡਾਰੀਆ ਨੂੰ ਲੱਖਾ ਰੁਪਏ ਦੇ ਨਗਦ ਇਨਾਮ ਦੇਣ ਦੇ ਨਾਲ ਨਾਲ ਬੁਲਟ ਮੋਟਰਸਾਈਕਲ ਵੀ ਦਿੱਤੇ ਜਾਂਦੇ ਹਨ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਟੌਹੜਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਚ ਜਦੋਂ ਇਹ ਖੇਡ ਮੇਲਾ ਸ਼ੁਰੂ ਹੋਇਆ ਤਾਂ ਕਾਫੀ ਮੁਸਕਿਲਾ ਦਾ ਸਾਹਮਣਾ ਵੀ ਕਰਨਾ ਪਿਆ । ਇੱਕ ਸਮਾ ਐਸਾ ਵੀ ਆਇਆ ਜਦੋਂ ਟੂਰਨਾਮੈਂਟ ਦੀ ਤੈਅ ਤਾਰੀਖ ਚ ਕਿਸੇ ਕਾਰਨ ਸਟੇਡੀਅਮ ਨਾ ਮਿਲਣ ਕਾਰਨ ਇਹ ਖੇਡ ਮੇਲਾ ਸ੍ਰ ਸਤਵਿੰਦਰ ਸਿੰਘ ਟੌਹੜਾ ਨੂੰ ਆਪਣੇ ਨਿੱਜੀ ਖੇਤ ਚ ਪੁੱਤਾਂ ਵਾਂਗੂ ਪਾਲੀ ਦੋ ਏਕੜ ਕਣਕ ਵੱਢ ਕੇ ਕਰਵਾਉਣਾ ਪਿਆ । ਪਰ ਇਸ ਕਲੱਬ ਦੇ ਮੈਂਬਰਾ ਨੇ ਹੌਸ਼ਲਾ ਨਹੀਂ ਹਾਰਿਆ । ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਇਆ ਸੀ ਤਾਂ ਕਲੱਬ ਮੈਂਬਰਾ ਦੀ ਗਿਣਤੀ ਸੀਮਿਤ ਸੀ ।ਪਰ ਅੱਜ ਵਿਦੇਸ਼ਾ ਵਿੱਚ ਵੀ ਇਸ ਟਰੱਸਟ ਦੇ ਵਿੰਗ ਸਥਾਪਿਤ ਹੋ ਚੁੱਕੇ ਹਨ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਨੇ ਪੰਥ ਦੀ ਮਹਾਨ ਸਖਸੀਅਤ ਪੰਥ ਰਤਨ ਜਥੇਦਾਰ ਸਵ. ਗੁਰਚਰਨ ਸਿੰਘ ਟੌਹੜਾ ਦੀਆਂ ਸੇਵਾਵਾਂ ਨੂੰ ਮੱਦੇਨਜਰ ਰੱਖਦਿਆ ਇਸ ਖੇਡ ਮੇਲੇ ਨੂੰ ਹਰ ਸੰਭਵ ਮੱਦਦ ਦਿੱਤੀ ਹੈ । ਇਸ ਤੋਂ ਇਲਾਵਾ ਜਥੇਦਾਰ ਟੌਹੜਾ ਦੇ ਪੈਰੋਕਾਰ ਸ੍ਰ ਐਸ.ਪੀ ਸਿੰਘ ਓਬਰਾਏ ਸਰਪ੍ਰਸਤ ਸਰਬੱਤ ਦਾ ਭਲਾ ਟਰੱਸਟ ਉ¤ਘੇ ਸਮਾਜ ਸੇਵੀ ਤੇ ਸ੍ਰ ਜਰਨੈਲ ਸਿੰਘ ਅਕਾਲਗੜ੍ਹ ਯੂਐਸਏ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ । ਪੰਥਕ ਮਰਿਆਦਾ ਅਨੁਸਾਰ ਖਾਲਸਾਈ ਰੰਗ ਚੋ ਰੰਗਿਆ ਟੌਹੜਾ ਕਬੱਡੀ ਕੱਪ ਹਰ ਸਾਲ ਸਿੱਖੀ ਨਾਲ ਸਬੰਧਿਤ ਖਿਡਾਰੀਆ ਦੇ ਵੱਡੇ ਮਾਣ ਸਨਮਾਨ ਕਰਦਾ ਹੈ । ਇਸ ਵਾਰ ਦਾ 9 ਵਾਂ ਟੌਹੜਾ ਕਬੱਡੀ ਕੱਪ 28,29,30 ਸਤੰਬਰ ਨੂੰ ਹੋਵੇਗਾ । ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸਜੀਪੀਸੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ ਇਸ ਵਾਰ ਟੂਰਨਾਮੈਂਟ ਦੇ ਪਹਿਲੇ ਦਿਨ 28 ਸਤੰਬਰ ਨੂੰ ਸਿੱਖ ਧਰਮ ਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਵਿਰਸਾ ਸੰਭਾਲ ਪ੍ਰੋਗਰਾਮ ਹੋਣਗੇ ਜਿਸ ਵਿੱਚ ਦਸਤਾਰਬੰਦੀ ਮੁਕਾਬਲੇ, ਗੱਤਕਾ ਕੱਪ ਤੋਂ ਇਲਾਵਾ ਸਿੱਖ ਖੇਡਾਂ ਹੋਣਗੀਆ ।ਜਿਸ ਨਾਲ ਮਨੋਰੰਜਨ ਦੇ ਨਾਲ ਸਾਡੇ ਧਰਮ ਤੇ ਵਿਰਾਸਤ ਬਾਰੇ ਲੋਕ ਜਾਗਰੂਕ ਹੋਣਗੇ । ਇਸ ਤਰ੍ਹਾਂ 29 ਸਤੰਬਰ ਨੂੰ ਅੰਗਹੀਣ, ਨੇਤਰਹੀਣ, ਗੂੰਗੇ ਬੋਲੇ ਤੇ ਮੰਦਬੁੱਧੀ ਨੌਜਵਾਨਾ ਦੇ ਖੇਡ ਮੁਕਾਬਲੇ ਹੋਣਗੇ । ਜੋ ਸਵੇਰੇ 10 ਵਜੇ ਤੋਂ ਸਾਮ 3 ਵਜੇ ਤੱਕ ਹੋਣਗੇ । ਸਾਮ 3 ਵਜੇ ਵਿਰਾਸਤੀ ਖੇਡ ਕੁਸਤੀ ਦੇ ਮੁਕਾਬਲੇ ਹੋਣਗੇ ।ਜਿਸ ਵਿੱਚ ਪੰਜਾਬੀ ਯੋਧੇ ਆਪਣੇ ਜੁੱਸਿਆ ਦਾ ਜੋਰ ਦਿਖਾਉਣਗੇ । ਇਸ ਤਰ੍ਹਾਂ 30 ਸਤੰਬਰ ਨੂੰ ਅੰਤਰਰਾਸ਼ਟਰੀ ਕਬੱਡੀ ਕੱਪ ਹੋਵੇਗਾ । ਜਿਸ ਵਿੱਚ ਪੰਜਾਬ -ਹਰਿਆਣਾ ਦੀਆਂ ਸਰਕਲ ਸਟਾਈਲ ਕਬੱਡੀ ਟੀਮਾ ਦੇ ਗੱਭਰੂ ਜੌਹਰ ਦਿਖਾਉਣਗੇ । ਜਿਸ ਦਾ ਪਹਿਲਾ ਇਨਾਮ ਇੱਕ ਲੱਖ ਤੇ ਸੈਕਿੰਡ ਇਨਾਮ ਪੰਝੱਤਰ ਹਜਾਰ ਹੋਵੇਗਾ । ਬੈਸਟ ਰੇਡਰ-ਜਾਫੀ ਨੂੰ ਇੱਕੀ ਇੱਕੀ ਹਜਾਰ ਰੁਪਏ ਨਗਦ ਦਿੱਤੇ ਜਾਣਗੇ । ਇਸ ਕਬੱਡੀ ਦੀ ਕੱਪ ਦੀ ਸਰਪ੍ਰਸਤੀ ਜਰਨੈਲ ਸਿੰਘ ਅਕਾਲਗੜ੍ਹ ਯੂਐਸਏ ਕਰਨਗੇ । ਇਸ ਤੋਂ ਇਲਾਵਾ ਵੱਖ ਵੱਖ ਦੇਸ਼ਾ ਵਿੱਚ ਇਸ ਦੇ ਵਿੰਗ ਸਥਾਪਿਤ ਹੋਏ ਹਨ ਜਿਵੇਂ ਕੈਨੇਡਾ ਵਿੱਚ ਰੁਪਿੰਦਰ ਸਿੰਘ ਗਿੱਲ , ਯੂਐਸਏ ਵਿੱਚ ਸੁੱਖਵਿੰਦਰ ਸਿੰਘ ਦੁਲੱਦੀ ,ਇਕਬਾਲ ਸਿੰਘ ਟੌਹੜਾ ਜਰਮਨ ,ਸਤਵਿੰਦਰ ਸਿੰਘ ਸ਼ੇਰਗਿੱਲ ਯੂ ਕੇ , ਫਤਿਹ ਸਿੰਘ ਮਾਨ ਅਸਟ੍ਰੇਲੀਆ ,ਅਰਪਨਦੀਪ ਸਿੰਘ ਨਿਊਜੀਲੈਂਡ ਆਦਿ ਐਨਆਰਆਈਜ ਇਸ ਕਬੱਡੀ ਕੱਪ ਨੂੰ ਸਹਿਯੋਗ ਦੇਣਗੇ । ਸਿੱਖ ਕੌਮ ਦੀ ਸਰਵਉ¤ਚ ਸੰਸਥਾ ਦੇ ਤਿੰਨ ਦਹਾਕੇ ਤੱਕ ਪ੍ਰਧਾਨ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਮਰਪਿਤ ਇਸ ਕਬੱਡੀ ਕੱਪ ਦੇ ਕਰਤਾ ਧਰਤਾ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਕਬੱਡੀ ਦੇ ਨਾਲ ਨਾਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ ਹਰ ਸਾਲ ਪੰਜ ਪ੍ਰੋਗਰਾਮ ਕਰਵਾਏ ਜਾਣਗੇ । ਜਿੰਨਾ ਵਿੱਚ ਗੁਰਮਿਤ ਸਮਾਗਮ,ਸ਼ਹੀਦੀ ਜੋੜ ਮੇਲੇ ਤੇ ਨਗਰ ਕੀਰਤਨ , ਖੂਨਦਾਨ-ਅੱਖਾ ਦਾ ਚੈ¤ਕ ਅੱਪ ਕੈਂਪ ਤੇ ਕਬੱਡੀ ਕੱਪ ਸਾਮਿਲ ਹਨ । ਇਸ ਤੋਂ ਇਲਾਵਾ ਹਰ ਸਾਲ ਟਰੱਸਟ ਦੀ ਪ੍ਰਬੰਧਕੀ ਟੀਮ ਵਲੋਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ । ਇਸ ਵਾਰ ਸ੍ਰ ਰਣਧੀਰ ਸਿੰਘ ਢੀਂਡਸਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ । ਅਗਲੇ ਸਾਲ ਕਿਸੇ ਹੋਰ ਪ੍ਰਬੰਧਕੀ ਮੈਂਬਰ ਨੂੰ ਇਹ ਜੁੰਮੇਵਾਰੀ ਦਿੱਤੀ ਜਾਵੇਗੀ । ਜਥੇਦਾਰ ਟੌਹੜਾ ਨੇ ਦੱਸਿਆ ਕਿ ਸਾਡੀ ਸੋਚ ਹੈ ਕਿ ਅਸੀਂ ਇਸ ਟੂਰਨਾਮੈਂਟ ਨੂੰ ਕਿਲਾ ਰਾਏਪੁਰ ਦੇ ਖੇਡ ਮੇਲੇ ਵਰਗਾ ਬਣਾਈਏ ਤੇ ਖਾਸਕਰ ਸਿੱਖ ਵਿਰਾਸਤ ਨਾਲ ਜੋੜੀਏ । ਟੌਹੜਾ ਕਬੱਡੀ ਕੱਪ ਨੇ ਥੋੜੇ ਸਮੇਂ ਵਿੱਚ ਪੰਜਾਬ ਦੀਆਂ ਖੇਡਾਂ ਵਿੱਚ ਵੱਖਰੀ ਛਾਪ ਛੱਡੀ ਹੈ ।ਜਿਸ ਦਾ ਮੁੱਖ ਕਾਰਨ ਹੈ ਕਿ ਇੱਥੇ ਹਰ ਕੋਈ ਸਮਰਪਿਤ ਭਾਵਨਾ ਨਾਲ ਕੰਮ ਕਰਦਾ ਹੈ। ਇਸ ਟੀਮ ਵਿੱਚ ਮੁੱਖ ਪ੍ਰਬੰਧਕ ਬੱਬਲੀ ਨਾਭਾ ,ਕੁਲਦੀਪ ਸਿੰਘ ਗੁਰਮੁੱਖ ਘਨੂੰੜਕੀ,ਜੱਸਾ ਖੋਖ,ਬਾਬਾ ਮਹਿੰਦਰ ਸਿੰਘ ਟੌਹੜਾ , ਮਾ. ਸੁਖਜਿੰਦਰ ਸਿੰਘ ਟੌਹੜਾ,ਹਰਮਨ ਸਿੰਘ ਟੌਹੜਾ,ਸਿੰਮੂ ਖੋਖ,ਬਘੇਲ ਸਿੰਘ ਜਾਤੀਵਾਲ,ਕਰਨੈਲ ਸਿੰਘ ਮਟੌਰੜਾ,ਸੁਖਜਿੰਦਰ ਸਿੰਘ ਟੌਹੜਾ ਬਲਾਕ ਸੰਮਤੀ ਮੈਂਬਰ,ਮਾ. ਦਵਿੰਦਰ ਸਿੰਘ ,ਡਾ. ਸਮਸ਼ੇਰ ਸਿੰਘ ਘਨੂੰੜਕੀ ਆਦਿ ਨਾਂ ਜਿਕਰਯੋਗ ਹਨ । ਦਰਸ਼ਕਾ ਨੂੰ ਇਸ ਵਾਰ ਵੀ ਬੜੀ ਬੇਸਬਰੀ ਨਾਲ ਟੌਹੜਾ ਕਬੱਡੀ ਕੱਪ ਦੀ ਉਡੀਕ ਹੈ ।
ਕਬੱਡੀ ਦੇ ਨਾਲ ਨਾਲ ਵਿਰਾਸਤੀ ਖੇਡਾਂ ਨੂੰ ਉਤਸ਼ਾਹ ਦੇਵੇਗਾ ਟੌਹੜਾ ਕਬੱਡੀ ਕੱਪ



