ਲੁਧਿਆਣਾ 8 ਅਗਸਤ – ਡਾਇਰੈਕਟੋਰੇਟ ਪਸਾਰ ਸਿਖਿਆ ਵਲੋਂ ਝੋਨੇ ਦੀ ਸਿਧੀ ਬਿਜਾਈ ਤੇ ਪਿੰਡ ਚਠਾ ਨਨਹੇੜਾ, ਜ਼ਿਲਾ ਸੰਗਰੂਰ ਵਿਚ 5.9.2017 ਨੂੰ ਖੇਤ ਦਿਵਸ ਮਨਾਇਆ ਗਿਆ। ਇਹ ਪਿੰਡ ਫਾਰਮਰ ਫਸਟ ਪ੍ਰੋਗਰਾਮ ਬਾਰੇ ਪ੍ਰੋਜੈਕਟ ਅਧੀਨ ਆਈ ਸੀ ਏ ਆਰ ਦੀ ਵਿਤੀ ਸਹਾਇਤਾ ਨਾਲ ਅਪਣਾਇਆ ਗਿਆ ਹੈ। ਇਸ ਖੇਤ ਦਿਵਸ ਵਿਚ 700 ਤੋਂ ਵਧ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਜੈਕਟ ਨੂੰ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਹੀ ਚਲਾਇਆ ਜਾ ਰਿਹਾ ਹੈ। ਡਾ. ਜੀ ਐਸ ਬੁਟਰ, ਅਪਰ ਨਿਰਦੇਸ਼ਕ ਪਸਾਰ ਸਿਖਿਆ, ਪੀਏਯੂ, ਲੁਧਿਆਣਾ ਇਸ ਪ੍ਰੋਗਰਾਮ ਦੇ ਮੁਖ ਮਹਿਮਾਨ ਸਨ। ਇਸ ਪ੍ਰੋਜੈਕਟ ਦੇ ਅਧੀਨ ਝੋਨੇ ਦੀ ਸਿੱਧੀ ਬਿਜਾਈ ਤੇ 100 ਪ੍ਰਦਰਸ਼ਨੀ ਪਲਾਟ ਪਿੰਡ ਚੱਠਾ ਨਨਹੇੜਾ ਅਤੇ ਤਰੰਜੀ ਖੇੜਾ, ਜ਼ਿਲਾ ਸੰਗਰੂਰ ਵਿਚ ਲਗਾਏ ਗਏ ਹਨ।ਇਸ ਪ੍ਰੋਗਰਾਮ ਵਿਚ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਕੇਵੀਕੇ, ਖੇੜੀ (ਸੰਗਰੂਰ) ਅਤੇ ਕਿਸਾਨ ਸਲਾਹਕਾਰ ਕੇਂਦਰ (ਸੰਗਰੂਰ) ਦੇ ਅਧਿਕਾਰੀਆਂ, ਸਰਪੰਚਾਂ, ਪੰਚਾਇਤ ਮੈਂਬਰਾਂ ਤੇ ਪਤਵੰਤੇ ਸਜਣਾਂ ਨੇ ਭਾਗ ਲਿਆ। ਡਾ. ਰਣਜੀਤ ਸਿੰਘ (ਐਲ ਪੀ ਐਮ), ਡਾ. ਪ੍ਰੀਤਇੰਦਰ ਸਿੰਘ ਸਰਾਓ (ਕੀਟ ਵਿਗਿਆਨ), ਡਾ. ਅਮਰਜੀਤ ਸਿੰਘ (ਪੌਦਾ ਰੋਗ ਵਿਭਾਗ), ਡਾ. ਜਸਵੀਰ ਸਿੰਘ (ਫਸਲ ਵਿਗਿਆਨ), ਡਾ. ਜਸਪਾਲ ਸਿੰਘ (ਕੀਟ ਵਿਗਿਆਨ) ਅਤੇ ਡਾ. ਅਸ਼ੋਕ ਕੁਮਾਰ (ਮਿਟੀ ਵਿਗਿਆਨ) ਨੇ ਪਸ਼ੂ ਪਾਲਣ, ਝੋਨੇ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ, ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ, ਮਧੂ ਮਖੀ ਪਾਲਣ, ਮਿਟੀ ਅਤੇ ਪਾਣੀ ਦੀ ਜਾਂਚ ਬਾਰੇ ਵਖ-ਵਖ ਪਹਿਲੂਆਂ ਤੇ ਰੌਸ਼ਨੀ ਪਾਈ। ਡਾ. ਕੇ ਐਸ ਸੰਧੂ (ਮੁੱਖ ਖੇਤੀਬਾੜੀ ਅਫਸਰ) ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਵਖ-ਵੱਖ ਸਹੂਲਤਾਂ ਪ੍ਰਾਪਤ ਕਰਨ ਅਤੇ ਪੀਏਯੂ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਸਲਾਹ ਲੈਣ ਦੀ ਸਿਫਾਰਸ਼ ਕੀਤੀ।ਸੰਗਰੂਰ ਜ਼ਿਲੇ ਦੇ ਡਿਪਟੀ ਡਾਇਰੈਕਟਰ (ਬਾਗਬਾਨੀ) ਨੇ ਵਿਭਾਗ ਦੀਆਂ ਵਖ ਵਖ ਸਕੀਮਾਂ ਬਾਰੇ ਰੌਸ਼ਨੀ ਪਾਈ ਅਤੇ ਇਹਨਾ ਸਕੀਮਾਂ ਦਾ ਫਾਇਦਾ ਉਠਾ ਕੇ ਆਪਣੀ ਆਮਦਨ ਵਧਾਉਣ ਲਈ ਪ੍ਰੇਰਿਤ ਕੀਤਾ। ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ, ਕੇਵੀਕੇ, ਸੰਗਰੂਰ ਨੇ ਕੇਵੀਕੇ ਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਭਾਰਤ ਸਰਕਾਰ ਦੇ ਸੰਕਲਪ ਤੋਂ ਸਿਧੀ ਪ੍ਰੋਗਰਾਮ ਦੀ ਸਹੁੰ ਚੁਕਾਈ। ਡਾ. ਜੀ. ਐਸ ਬੁਟਰ ਨੇ ਝੋਨੇ ਦੀਆਂ ਛੇਤੀ ਪਕਣ ਵਾਲੀਆਂ ਕਿਸਮਾਂ ਦੀ ਵਰਤੋਂ ਅਤੇ ਪਾਣੀ ਦੀ ਸੰਭਾਲ ਕਰਨ ਦੀ ਸਲਾਹ ਦਿਤੀ। ਡਾ. ਬੁਟਰ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਬਾਰੇ ਵੀ ਪ੍ਰੇਰਿਤ ਕੀਤਾ। ਉਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿਧੀ ਬਿਜਾਈ ਹੇਠਾਂ ਹੋਰ ਰਕਬਾ ਲਿਆਉਣ ਲਈ ਉਤਸ਼ਾਹਿਤ ਕੀਤਾ ਅਤੇ ਕਿਸਾਨਾਂ ਨੂੰ ਝੋਨੇ ਦੀਆਂ ਲੰਮੇ ਸਮੇ ਤਕ ਪਕਣ ਵਾਲੀਆਂ ਕਿਸਮਾਂ ਨੂੰ ਨਾ ਉਗਾਉਣ ਦੀ ਸਲਾਹ ਵੀ ਦਿਤੀ। ਡਾ. ਪ੍ਰਭਜੋਤ ਕੌਰ,ਜੋ ਕਿ ਇਸ ਪ੍ਰੋਜੈਕਟ ਦੇ ਪਿੰ੍ਰਸੀਪਲ ਇੰਨਵੈਸਟੀਗੇਟਰ ਹਨ, ਵੀ ਇਸ ਮੌਕੇ ਤੇ ਹਾਜ਼ਰ ਸਨ। ਡਾ ਬੀ ਐਸ ਰੋਮਾਣਾ, ਸੀਨੀਅਰ ਵਿਗਿਆਨੀ (ਕਿਸਾਨ ਸਲਾਹਕਾਰ ਸੇਵਾ ਕੇਂਦਰ, ਸੰਗਰੂਰ) ਨੇ ਸਟੇਜ ਦਾ ਸੰਚਾਲਣ ਬਾਖੂਬੀ ਨਿਭਾਇਆ ਅਤੇ ਅੰਤ ਵਿਚ ਮੁੱਖ ਮਹਿਮਾਨ ਅਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ।
ਡਾਇਰੈਕਟੋਰੇਟ ਪਸਾਰ ਸਿੱਖਿਆ ਵਲੋਂ ਝੋਨੇ ਦੀ ਸਿਧੀ ਬਿਜਾਈ ਲਈ ਮਨਾਇਆ ਖੇਤ ਦਿਵਸ



