ਨਵੀਂ ਦਿੱਲੀ, 1 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਅਤੇ ਗੁਜਰਾਤ ਦੰਗਿਆਂ ਦੇ ਸਮੇਂ ਮੋਦੀ ਦੇ ਸਲਾਹਕਾਰ ਕੇ.ਪੀ.ਐਸ ਗਿੱਲ ਨੇ ਕਿਹਾ ਹੈ ਕਿ ਦੰਗਿਆਂ ਲਈ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਗਿੱਲ ਨੇ ਕਿਹਾ ਕਿ ਗੁਜਰਾਤ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਜਿੱਠਣਾ ਪੁਲਿਸ ਦਾ ਕੰਮ ਹੈ। ਸਾਲ 2002 ਵਿਚ ਮੋਦੀ ਦੇ ਸੁਰੱਖਿਆ ਸਲਾਹਕਾਰ ਰਹਿ ਚੁੱਕੇ ਗਿੱਲ ਆਪਣੀ ਜੀਵਨੀ ‘ਕੇ.ਪੀ.ਐਸ ਗਿੱਲ : ਪੈਰਾਮਾਊਂਟ ਕਾਪ’ ਦੀ ਲਾਂਚਿੰਗ ਮੌਕੇ ਬੋਲ ਰਹੇ ਸਨ। ਉਨ੍ਹਾਂ ਆਪਣੀ ਕਿਤਾਬ ਵਿਚ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਹਿੰਸਾ ਖ਼ਤਮ ਕਰਨ ਲਈ ਗੰਭੀਰ ਸਨ। ਉਨ੍ਹਾਂ ਨੇ ਦੂਜੇ ਦਲਾਂ ‘ਤੇ ਮੋਦੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੱਜ ਵੀ ਦੰਗਿਆਂ ਦਾ ਦੁੱਖ ਝੱਲਣ ਲਈ ਮਜ਼ਬੂਰ ਹੈ। ਦੰਗਿਆਂ ਦੌਰਾਨ ਮੋਦੀ ਨਾਲ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਗਿੱਲ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਾਫੀ ਕੋਸ਼ਿਸ਼ਾਂ ਤਂ ਬਾਅਦ ਵੀ ਉਹ ਦੰਗੇ ਰੋਕਣ ਵਿਚ ਨਾਕਾਮ ਰਹੇ ਹਨ। ਉਨ੍ਹਾਂ ਇਸ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਗੁਆਢੀ ਸੂਬਿਆਂ ਤੋਂ ਪੁਲਿਸ ਫੋਰਸ ਮੰਗੀ ਸੀ ਪਰ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ।