ਵਧੀਕ ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਕਪੂਰਥਲਾ, 5 ਸਤੰਬਰ :- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਸਮੂਹ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਥਾਨਕ ਯੋਜਨਾ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿਗ ਕੀਤੀ। ਇਸ ਮੌਕੇ ਸ. ਭੁੱਲਰ ਨੇ ਜਿਥੇ ਪਿੰਡਾਂ ਦੇ ਵਿਕਾਸ ਲਈ ਵਿਭਾਗ ਦੀਆਂ ਸਕੀਮਾਂ ਦੀ ਸਮੀਖਿਆ ਕੀਤੀ ਉਥੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਇਨਾਂ ਨੂੰ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਲਈ ਕਿਹਾ। ਇਸੇ ਤਰਾਂ ਉਨਾਂ ਮਗਨਰੇਗਾ ਅਧੀਨ ਕੰਮ ਕਰਵਾ ਕੇ ਵੱਧ ਤੋਂ ਵੱਧ ਵੰਡ ਖ਼ਰਚ ਕਰਨ, ਵਰਕਰਾਂ ਨੂੰ ਦਿਹਾੜੀਆਂ ਦਾ ਸਮੇਂ ਸਿਰ ਭੁਗਤਾਨ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬਲਾਕ ਵਾਰ ਦਿੱਤੇ ਟੀਚੇ ਅਨੁਸਾਰ ਸੋਕੇਜ਼-ਪਿੱਟ ਅਤੇ ਫਾਰਮ ਪੌਂਡ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਵੱਧ ਤੋਂ ਵੱਧ ਕੰਮ ਕਰਵਾਉਣ ਦੀ ਹਦਾਇਤ ਵੀ ਕੀਤੀ। ਉਨਾਂ ਮਗਨਰੇਗਾ ਤਹਿਤ ਚੱਲ ਰਹੀ ਪੌਦੇ ਲਗਾਉਣ ਦੀ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਨਿਰਧਾਰਤ ਟੀਚਾ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਜੀਤ ਸਿੰਘ, ਉੱਪ ਮੁੱਖ ਕਾਰਜਸਾਧਕ ਅਫ਼ਸਰ ਜ਼ਿਲਾ ਪ੍ਰੀਸ਼ਦ ਗੁਰਦਰਸ਼ਨ ਕੁੰਡਲ, ਆਈ. ਟੀ ਮੈਨੇਜਰ ਰਾਜੇਸ਼ ਰਾਏ, ਜ਼ਿਲੇ ਦੇ ਸਮੂਹ ਬੀ. ਡੀ. ਪੀ. ਓਜ਼, ਪੰਚਾਇਤ ਸਕੱਤਰ ਅਤੇ ‘ਮਗਨਰੇਗਾ’ ਦੇ ਏ. ਪੀ. ਓਜ਼ ਹਾਜ਼ਰ ਸਨ।
ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਦੀ ਜਾਵੇ-ਅਵਤਾਰ ਸਿੰਘ ਭੁੱਲਰ



