ਡੋਕਲਾਮ ਮੁੱਦੇ ’ਤੇ ਹੋ ਸਕਦੀ ਹੈ ਅਗਲੇਰੀ ਗੱਲਬਾਤ
ਨਵੀਂ ਦਿਲੀ, 2 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਡੋਕਲਾਮ ਵਿਚ ਫੌਜੀ ਤਣਾਤਣੀ ਦੇ ਮਾਮਲੇ ਦੇ ਪ੍ਰਛਾਵੇਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੀਨ ਦੌਰਾ ਐਤਵਾਰ ਤੋਂ ਹੋਵੇਗਾ ਪਰ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋ-ਪਖੀ ਮੁਲਾਕਾਤ ਨੂੰ ਲੈ ਕੇ ਵਿਦੇਸ਼ ਮੰਤਰਾਲਾ ਚੁਪ ਹੈ।
ਡਿਪਲੋਮੈਟਿਕ ਸੂਤਰਾਂ ਨੇ ਕਿਹਾ ਹੈ ਕਿ ਮੋਦੀ-ਸ਼ੀ ਵਿਚਾਲੇ ਬੈਠਕ ਹੋਵੇਗੀ ਅਤੇ ਇਸ ਵਿਚ ਆਪਸੀ ਸੰਬੰਧਾਂ ਨੂੰ ਹਾਂ-ਪਖੀ ਸ਼ਕਲ ਦੇਣ ਦੇ ਯਤਨਾਂ ‘ਤੇ ਗਲਬਾਤ ਹੋਵੇਗੀ। ਬ੍ਰਿਕਸ ਸਿਖਰ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤਵਾਦ ‘ਤੇ ਭਾਰਤ ਦੀ ਚਿੰਤਾ ਜ਼ੋਰਦਾਰ ਸ਼ਬਦਾਂ ਵਿਚ ਰਖਣਗੇ। ਪ੍ਰਧਾਨ ਮੰਤਰੀ 3 ਤੋਂ 5 ਸਤੰਬਰ ਤਕ ਚੀਨ ਦੇ ਸ਼ਿਆਮਨ ਸ਼ਹਿਰ ਵਿਚ ਹੋ ਰਹੇ ਬ੍ਰਿਕਸ ਸਿਖਰ ਬੈਠਕ ਵਿਚ ਹਿਸਾ ਲੈਣ ਜਾ ਰਹੇ ਹਨ। ਇਥੇ ਡਿਪਲੋਮੈਟਿਕ ਸੂਤਰਾਂ ਨੇ ਕਿਹਾ ਹੈ ਕਿ ਭਾਰਤੀ ਅਤੇ ਚੀਨੀ ਆਗੂਆਂ ਦੀ ਦੋ-ਪਖੀ ਬੈਠਕ ਜ਼ਰੂਰ ਹੋਵੇਗੀ ਅਤੇ ਇਸ ਦੌਰਾਨ ਡੋਕਲਾਮ ਮਸਲੇ ਦੇ ਮਦੇਨਜ਼ਰ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਬਣਾਉਣ ਦੇ ਨਵੇਂ ਯਤਨਾਂ ‘ਤੇ ਗਲਬਾਤ ਹੋਵੇਗੀ ਤਾਂ ਕਿ ਭਵਿਖ ਵਿਚ ਦੋਵਾਂ ਦੇਸ਼ਾਂ ਦਰਮਿਆਨ ਇਸ ਤਰ੍ਹਾਂ ਦੇ ਮਸਲੇ ਨਾ ਪੈਦਾ ਹੋਣ।ਭੂਟਾਨ ਦੇ ਡੋਕਲਾਮ ਇਲਾਕੇ ਵਿਚ ਢਾਈ ਮਹੀਨਿਆਂ ਤਕ ਚਲੀ ਤਣਾਤਣੀ ਮਗਰੋਂ 28 ਅਗਸਤ ਨੂੰ ਦੋਵਾਂ ਦੇਸ਼ਾਂ ਦੇ ਫੌਜੀ ਪਿਛੇ ਹਟਣ ਲਈ ਰਾਜ਼ੀ ਹੋਏ ਸਨ।ਇਸ ਦੌਰਾਨ ਦੋਵਾਂ ਆਗੂਆਂ ਵਿਚਾਲੇ ਹਿਤਾਂ ਦੇ ਵਿਆਪਕ ਮੁਦਿਆਂ ‘ਤੇ ਡੂੰਘੀ ਗਲਬਾਤ ਹੋਣ ਦੀ ਆਸ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਫਦ ਵਿਚ ਰਾਸ਼ਟਰੀ ਸੁਰਖਿਆ ਸਲਾਹਕਾਰ ਅਜੀਤ ਡੋਭਾਲ ਵੀ ਹੋਣਗੇ, ਜਿਨ੍ਹਾਂ ਦੀ ਚੀਨ ਦੇ ਸਟੇਟ ਕੌਂਸਲਰ ਚਯੇਛੀ ਨਾਲ ਵਖਰੇ ਤੌਰ ‘ਤੇ ਬੈਠਕ ਹੋਵੇਗੀ।