May 26, 2026 3:00 pm

ਡੇਰਾ ਸਿਰਸਾ ਮੁਖੀ ਸਬੰਧੀ ਆਏ ਅਦਾਲਤੀ ਫੈਸਲੇ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਕੀਤਾ ਸਵਾਗਤ

ਤਲਵੰਡੀ ਸਾਬੋ, 29 ਅਗਸਤ (ਰਾਮ ਰੇਸ਼ਮ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਿਸ਼ੇਸ ਸੀ. ਬੀ. ਆਈ ਅਦਾਲਤ ਵੱਲੋਂ ਸਾਧਵੀਆਂ ਦੇ ਯੌਨ ਸ਼ੋਸਣ ਮਾਮਲੇ ਵਿੱਚ 20 ਸਾਲ ਕੈਦ ਦੀ ਸਜਾ ਸੁਣਾਏ ਜਾਣ ਦੇ ਫੈਸਲੇ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਗਤ ਕਰਦਿਆਂ ਸਿੱਖ ਧਰਮ ਵਿੱਚੋਂ ਡੇਰੇ ਨਾਲ ਜੁੜੇ ਪ੍ਰੇਮੀਆਂ ਨੂੰ ਮੁੜ ਸ਼ਬਦ ਗੁਰੁੂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਦਾਲਤੀ ਫੈਸਲਾ ਬਿਲਕੁਲ ਤੱਥਾਂ ਦੇ ਆਧਾਰ ‘ਤੇ ਆਇਆ ਹੈ ਇਸ ਲਈ ਲੋਕਾਂ ਨੂੰ ਹੁਣ ਦੇਹਧਾਰੀ ਗੁਰੂਆਂ ਦੀ ਸੱਚਾਈ ਤੋਂ ਵਾਕਿਫ ਹੋ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਭਾਵੇਂ ਇਹ ਮਾਮਲਾ ਡੇਰਾ ਮੁਖੀ ਅਤੇ ਡੇਰੇ ਦੀਆਂ ਸਾਧਵੀਆਂ ਦੇ ਵਿਚਕਾਰ ਸੀ ਪ੍ਰੰਤੂ ਜੋ ਤੱਥ ਸੀ. ਬੀ. ਆਈ ਨੇ ਅਦਾਲਤ ਸਾਹਮਣੇ ਪੇਸ਼ ਕੀਤੇ ਹਨ ਉਹ ਹੈਰਾਨ ਕਰਨ ਵਾਲੇ ਹਨ। ਸਿੰਘ ਸਾਹਿਬ ਨੇ ਸਿੱਖ ਧਰਮ ਵਿੱਚੋਂ ਡੇਰੇ ਨਾਲ ਜੁੜੇ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆਈ ਹਕੀਕਤ ਨੂੰ ਸਵੀਕਾਰਦਿਆਂ ਹੁਣ ਦੇਹਧਾਰੀ ਗੁਰੂੁ ਡੰਮ ਦਾ ਤਿਆਗ ਕਰਕੇ ਸੱਚੇ ਗੁਰੂੁ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰਨ। ਇਸ ਮੌਕੇ ਬੀਬੀ ਜੋਗਿੰਦਰ ਕੌਰ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮੋਹਣ ਸਿੰਘ ਬੰਗੀ, ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਜਗਸੀਰ ਸਿੰਘ ਮਾਂਗੇਆਣਾ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ, ਬਾਬਾ ਪ੍ਰੀਤਮ ਸਿੰਘ ਮੱਲੜੀ, ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ, ਭਾਈ ਗੁਰਜੰਟ ਸਿੰਘ ਹੈਡ ਗ੍ਰੰਥੀ ਆਦਿ ਹਾਜ਼ਰ ਸਨ।

Send this to a friend