ਪੀ.ਐਮ. ਮੋਦੀ ਦੀ ਆਈ.ਏ.ਐਸ. ਅਧਿਕਾਰੀਆਂ ਨੂੰ ਸਲਾਹ-ਖੁਦ ਨੂੰ ਫਾਈਲਾਂ ਤੱਕ ਨਾ ਰੱਖੋ ਸੀਮਿਤ

ਨਵੀਂ ਦਿੱਲੀ, 25 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨੂੰ ਸਲਾਹ ਦਿਤੀ ਹੈ ਕਿ ਉਹ ਖੁਦ ਨੂੰ ਫਾਈਲਾਂ ਤਕ ਸੀਮਿਤ ਨਾ ਰਖੇ, ਫੈਸਿਆਂ ਦਾ ਸਹੀ ਪ੍ਰਭਾਵ ਦੇਖਣ ਲਈ ਜ਼ਮੀਨੀ ਪਧਰ ਦਾ ਦੌਰਾ ਕਰੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਰੀਲੀਜ਼ ਅਨੁਸਾਰ ਪ੍ਰਧਾਨ ਮੰਤਰੀ ਨੂੰ ਮਿਲਣ ਆਏ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨਾਲ ਗਲਬਾਤ ਦੌਰਾਨ ਉਨ੍ਹਾਂ ਨੂੰ ਸਲਾਹ ਦਿਤੀ। ਮੋਦੀ ਨੇ ਭਾਰਤ ਸਰਕਾਰ ਨਾਲ ਕੰਮ ਕਰ ਰਹੇ 80 ਤੋਂ ਵਧ ਸਕਤਰਾਂ ਅਤੇ ਸੰਯੁਕਤ ਸਕਤਰਾਂ ਨਾਲ ਗਲਬਾਤ ਕੀਤੀ। ਪ੍ਰਧਾਨ ਮੰਤਰੀ ਦੇ ਆਈ.ਏ.ਐਸ. ਅਧਿਕਾਰੀਆਂ ਨਾਲ 5 ਵਖ-ਵਖ ਵਾਰਤਾ ਸੈਸ਼ਨ ਹੋਣੇ ਹਨ, ਜਿਨ੍ਹਾਂ ‘ਚੋਂ ਇਹ ਦੂਜਾ ਸੈਸ਼ਨ ਸੀ। ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣੇ ਕੰਮ ਨੂੰ ਸਿਰਫ ਡਿਊਟੀ ਨਹੀਂ ਸਮਝਣਾ ਚਾਹੀਦਾ ਸਗੋਂ ਇਸ ਨੂੰ ਦੇਸ਼ ਦੇ ਸ਼ਾਸਨ ‘ਚ ਸਕਾਰਾਤਮਕ ਤਬਦੀਲੀ ਲਿਆਉਣ ਦੇ ਮੌਕੇ ਦੇ ਰੂਪ ‘ਚ ਦੇਖਣਾ ਚਾਹੀਦਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਪ੍ਰਤੀਕਿਰਿਆਵਾਂ ਨੂੰ ਆਸਾਨ ਬਣਾਉਣ ਲਈ ਉਹ ਤਕਨੀਕ ਅਤੇ ਤਕਨਾਲੋਜੀ ਦੀ ਵਰਤੋਂ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਸ਼ ਦੇ 100 ਸਭ ਤੋਂ ਪਿਛੜੇ ਜ਼ਿਲਿਆਂ ‘ਤੇ ਧਿਆਨ ਦੇਣ ਤਾਂ ਕਿ ਵਿਕਾਸ ਦੇ ਵਖ-ਵਖ ਮਾਨਦੰਡਾਂ ‘ਤੇ ਉਨ੍ਹਾਂ ਨੂੰ ਰਾਸ਼ਟਰੀ ਪਧਰ ‘ਤੇ ਲਿਆਂਦਾ ਜਾ ਸਕੇ।ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਅਧਿਕਾਰੀਆਂ ਵਲੋਂ ਕਹੀਆਂ ਗਈਆਂ ਗਲਾਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ‘ਤੇ ਜ਼ੋਰ ਦਿਤਾ ਕਿ ਅਧਿਕਾਰੀ ਖੁਦ ਨੂੰ ਫਾਈਲਾਂ ਤਕ ਸੀਮਿਤ ਨਾ ਰਖਣ ਸਗੋਂ ਫੈਸਲਿਆਂ ਦੇ ਪ੍ਰਭਾਵਾਂ ਨੂੰ ਸਮਝਣ ਲਈ ਜ਼ਮੀਨੀ ਪਧਰ ਦੇ ਦੌਰੇ ਕਰਨ। ਇਸ ਸੰਦਰਭ ‘ਚ ਉਨ੍ਹਾਂ ਨੇ ਗੁਜਰਾਤ ‘ਚ ਸਾਲ 2001 ‘ਚ ਆਏ ਭੂਚਾਲ ਤੋਂ ਬਾਅਦ ਮੁੜ ਨਿਰਮਾਣ ਕੰਮ ‘ਚ ਜੁਟੇ ਅਧਿਕਾਰੀਆਂ ਦੇ ਅਨੁਭਵਾਂ ਨੂੰ ਸਾਂਝਾ ਕੀਤਾ। ਗਲਬਾਤ ਦੌਰਾਨ ਅਧਿਕਾਰੀਆਂ ਨੇ ਪੇਸ਼ਕਾਰੀ ਆਧਾਰਤ ਪ੍ਰਸ਼ਾਸਨ, ਕੂੜਾ ਪ੍ਰਬੰਧਨ, ਨਦੀ ਅਤੇ ਵਾਤਾਵਰਣ ਪ੍ਰਦੂਸ਼ਣ, ਸਵਛਤਾ, ਜਲਵਾਯੂ ਤਬਦੀਲੀ, ਸਿਖਿਆ ਅਤੇ ਕੌਸ਼ਲ ਵਿਕਾਸ ਆਦਿ ‘ਤੇ ਆਪਣੇ ਵਿਚਾਰ ਰਖੇ।

Send this to a friend