ਚੰਡੀਗੜ੍ਹ, 25 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸਾਧਵੀ ਰੇਪ ਮਾਮਲੇ ਵਿਚ ਪੰਚਕੂਲਾ ਦੀ ਸੀਬੀਆਈ ਅਦਾਲਤ ਵਲੋਂ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਖ਼ਰਾਬ ਹੋਏ ਹਾਲਾਤ ਨੂੰ ਦੇਖਦੇ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕੀਤੀ ਹੈ। ਮੁਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿਚ ਹਾਲਾਤ ਪੂਰੀ ਤਰ੍ਹਾਂ ਕਾਬੂ ਵਿਚ ਹਨ, ਜਿਥੇ ਕਿਤੇ ਕੁਝ ਲੋਕਾਂ ਵਲੋਂ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਤੋਂ ਇਲਾਵਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਕੁਝ ਖੇਤਰਾਂ ਵਿਚ ਇਹਤਿਆਤ ਦੇ ਤੌਰ ‘ਤੇ ਕਰਫਿਊ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਆਦੇਸ਼ ਦਿਤੇ ਹਨ ਕਿ ਉਹ ਜਿਥੇ ਚਾਹੇ ਕਰਫਿਊ ਲਗਾ ਸਕਦੇ ਹਨ, ਪਰ ਹਿੰਸਾ ਨਹੀਂ ਹੋਣੀ ਚਾਹੀਦੀ ਹੈ। ਸੂਬੇ ਵਿਚਲੀ ਕਾਨੂੰਨ ਵਿਵਸਥਾ ਦੀ ਸਥਿਤ ਬਹਾਲ ਰਹਿਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪਣੀ ਫੋਰਸ ਹੀ 70 ਹਜ਼ਾਰ ਹੈ, ਪਰ ਇਸ ਦੇ ਬਾਅਦ ਵੀ ਸੁਰਖਿਆ ਨੂੰ ਧਿਆਨ ਵਿਚ ਰਖਦੇ ਹੋਏ ਬਾਹਰੋਂ ਸੁਰਖਿਆ ਬਲ ਮੰਗਵਾਏ ਗਏ ਹਨ ਤਾਂ ਸ਼ਾਂਤੀ ਦਾ ਮਾਹੌਲ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸੁਰਖਿਆ ਬਲਾਂ ਨੂੰ ਕਰਫਿਊ ਵਾਲੇ ਖੇਤਰਾਂ ਵਿਚ ਫਲੈਗ ਮਾਰਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮਾਹੌਲ ਠੀਕ ਹੈ, ਇਥੇ ਹਾਲੇ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦਸਣਯੋਗ ਹੈ ਕਿ ਡੇਰਾ ਮੁਖੀ ਖਿਲਾਫ ਫੈਸਲਾ ਆਉਣ ਤੋਂ ਬਾਅਦ ਪੰਚਕੂਲਾ ਤੋਂ ਸ਼ੁਰੂ ਹੋਈ ਹਿੰਸਾ ਦੀ ਅਗ ਪੰਜਾਬ ਦੇ ਕਈ ਇਲਾਕਿਆਂ ਤੋਂ ਹੁੰਦੀ ਹੋਈ ਦਿਲੀ ਪਹੁੰਚ ਚੁਕੀ ਹੈ। ਦਿਲੀ ਵਿਚ ਵੀ ਕਈ ਥਾਈਂ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦਰਿਮਆਨ ਪ੍ਰਸ਼ਾਸਨ ਵਲੋਂ ਪੰਚਕੂਲਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਹਾਲਾਤ ਨੂੰ ਕਾਬੂ ਕਰਨ ਲਈ ਪੁਲਸ ਪ੍ਰਸ਼ਾਸਨ ਵਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ।