ਮੋਰਿੰਡਾ, 23 ਅਗਸਤ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਦੇ ਬਠਿੰਡਾ ਬੈਲਟ ਦੇ ਕਿਸਾਨ ਹੀ ਕਿਸਾਨੀ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਬਾਕੀ ਜ਼ਿਲ੍ਹਿਆਂ ਦੇ ਕਿਉਂ ਨਹੀਂ। ਉਪਰੋਤਕ ਸ਼ਬਦ ਹਰਬੰਸ ਸਿੰਘ ਕੰਧੋਲਾ ਜਨਰਲ ਸਕੱਤਰ ਅਖ਼ੰਡ ਅਕਾਲੀਦਲ ( ਅਕਾਲੀ ਦਲ 1920) ਨੇ ਸਥਾਨਕ ਨਗਰ ਕੋਂਸਲ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਦਰਅਸਲ ਅਕਾਲੀ ਦਲ 1920 ਦੇ ਆਗੂ ਹਰਬੰਸ ਸਿੰਘ ਕੰਧੋਲਾ ਦੀ ਅਗਵਾਈ ’ਚ ਰਵਿਇੰਦਰ ਸਿੰਘ ਦੁੱਮਣਾ ਦੇ ਸਵਾਗਤ ਲਈ ਨਗਰ ਕੋਂਸਲ ਦਫ਼ਤਰ ’ਚ ਇਕੱਠੇ ਹੋਏ ਸਨ। ਸਾਬਕਾ ਸਪੀਕਰ ਰਵਿਇੰਦਰ ਸਿੰਘ ਦੁੱਮਣਾ ਨੇ ਅੱਜ ਅਪਣੇ ਅਸਲਾ ਲਾਇਸੰਸ ਨਵਿਆਉਣ ਲਈ ਸਥਾਨਕ ਸੇਵਾ ਕੇਂਦਰ ਵਿੱਚ ਆਉਣਾ ਸੀ ਪ੍ਰੰਤੂ ਰੁਝੇਵਿਆਂ ਕਾਰਨ ਉਨ੍ਹਾਂ ਦਾ ਇੱਥੇ ਆਉਣਾ ਕੈਂਸਲ ਹੋ ਗਿਆ। ਨਗਰ ਕੋਂਸਲ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਦੇ ਦਫ਼ਤਰ ’ਚ ਗੱਲ ਕਰਦਿਆਂ ਹਰਬੰਸ ਸਿੰਘ ਕੰਧੋਲਾ ਨੇ ਕਿਹਾ ਕਿ ਪੰਜਾਬ ਵਿੱਚ ਖੁਦਕੁਸੀਆਂ ਕਰਨ ਵਾਲੇ ਕਿਸਾਨ ਕਰਜ਼ੇ ਕਾਰਨ ਨਹੀਂ ਬਲਕਿ ਦਿਮਾਗੀ ਪ੍ਰੇਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪਿੱਛਲੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਦੌਰਾਨ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਕੋਲ ਕੈਬਨਿਟ ਮੰਤਰੀ ਦਾਅਹੁੱਦਾ ਸੀ। ਜੇਕਰ ਉਹ ਕਿਸਾਨਾ ਦੀ ਭਲਾਈ ਚਾਹੁੰਦਾ ਤਾਂ ਮੰਡੀਕਰਨ ਰਾਂਹੀਂ ਕਿਸਾਨਾ ਦੇ ਕਰਜ਼ੇ ਮੁਆਫ਼ ਕਰ ਸਕਦਾ ਸੀ। ਕੰਧੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰ ਦੇਣੀ ਚਾਹੀਦੀ ਸੀ ਤਾਂ ਜੋ ਕਿਸਾਨਾ ਨੂੰ ਉਨ੍ਹਾਂ ਦੀਆਂ ਜ਼ਿਣਸਾਂ ਦਾ ਵਾਜਬ ਮੁੱਲ ਮਿਲ ਜਾਂਦਾ। ਅਜਿਹਾ ਕਰਨ ਨਾਲ ਕਿਸਾਨ ਖੁਕੁਸ਼ੀਆਂ ਰੁਕ ਸਕਦੀਆਂ ਸਨ। ਉਨ੍ਹਾਂ ਦੇ ਜੁਆਬ ਤੋਂ ਪਤਾ ਲੱਗਾ ਕਿ ਉਹ ਇਨ੍ਹਾਂ ਦੋਵੇਂ ਗੱਲਾਂ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ 1920 ਵਲੋ ਅਕਾਲੀ ਦਲ ਬਾਦਲ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਲੜੀਆਂ ਜਾਣਗੀਆਂ। ਡੇਰਾ ਸੱਚਾ ਸੋਦਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਚਰਚਿੱਤ ਕੇਸ ਸਬੰਧੀ ਹਰਬੰਸ ਸਿੰਘ ਕੰਧੋਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਮਾਣਯੋਗ ਅਦਾਲਤ ਤੋਂ ਆਉਣ ਵਾਲੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧਰਨੇ ਜਾਂ ਸੜ੍ਹਕਾਂ ’ਤੇ ਜਾਮ ਲਗਾ ਕੇ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਨਹੀਂ ਬਣਨਾ ਚਾਹੀਦਾ। ਇਸ ਮੌਕੇ ਹੋਰਨਾ ਤੋਂ ਇਲਾਵਾ ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਨਗਰ ਕੋਂਸਲ ਮੋਰਿੰਡਾ , ਕੋਂਸਲਰ ਅੰਮ੍ਰਿਤਪਾਲ ਸਿੰਘ ਖੱਟੜ੍ਹਾ , ਕੋਂਸਲਰ ਮੋਹਨ ਲਾਲ ਕਾਲਾ , ਕੋਂਸਲਰ ਮੰਗਲ ਸੈਨ , ਬਲਬੀਰ ਸਿੰਘ ਗਿੱਲ ਸਾਬਕਾ ਐਸ.ਜੀ.ਪੀ.ਸੀ. ਮੈਂਬਰ, ਨੰਬਰਦਾਰ ਜਗਵਿੰਦਰ ਸਿੰਘ ਪੰਮੀ , ਪਰਮਿੰਦਰ ਸਿੰਘ ਬਿੱਟੂ ਕੰਗ , ਸ਼੍ਰੋਮਣੀ ਅਕਾਲੀ ਦਲ 1920 ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਪੱਪੂ ਮੂੰਡੀਆਂ, ਹਰਜੀਤ ਸਿੰਘ ਢੋਲਣਮਾਜਰਾ, ਜਾਗਰ ਸਿੰਘ , ਜਗਵਿੰਦਰ ਸਿੰਘ ਬੰਗੀਆਂ ਅਤੇ ਬਾਵਾ ਸਿੰਘ ਅਰਨੋਲੀ ਸਮੇਤ ਅਕਾਲੀ ਦਲ 1920 ਦੇ ਵਰਕਰ ਹਾਜ਼ਰ ਸਨ।