ਪਹਾੜੀ ਰਾਜਾਂ ਵਿਚ ਨਵੇਂ ਉਦਯੋਗਾਂ ਨੂੰ ਕੋਈ ਕੇਂਦਰੀ ਰਿਆਇਤਾਂ ਨਹੀਂ: ਅਰੁਣ ਜੇਤਲੀ

ਸੁਖਬੀਰ ਨੇ ਪੰਜਾਬ ‘ਚ ਆਰਥਿਕ ਰਾਜ ਪਲਟਾ ਲਿਆਂਦਾ

ਨਵੀਂ ਦਿਲੀ/ਚੰਡੀਗੜ੍ਹ/21 ਅਗਸਤ/ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਅਤੇ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਪੰਜਾਬ ਅਤੇ ਇਸ ਦੀ ਅਰਥ ਵਿਵਸਥਾ ਅੰਦਰ ਇਕ ਵਡਾ ਆਰਥਿਕ ਰਾਜ ਪਲਟਾ ਲਿਆ ਦਿਤਾ ਹੈ, ਕਿਉਂਕਿ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਉਹਨਾਂ ਨੂੰ ਭਰੋਸਾ ਦੇ ਦਿਤਾ ਹੈ ਕਿ ਪੰਜਾਬ ਦੇ ਗੁਆਂਢੀ ਰਾਜਾਂ ਵਿਚ ਨਵੀਆਂ ਲਗਣ ਵਾਲੀਆਂ ਇਕਾਈਆਂ ਨੂੰ ਕਿਸੇ ਕਿਸਮ ਦੀਆਂ ਆਰਥਿਕ ਜਾਂ ਉਦਯੋਗਿਕ ਰਿਆਇਤਾਂ ਨਹੀਂ ਦਿਤੀਆਂ ਜਾਣਗੀਆਂ। ਇਸ ਨਾਲ ਪੰਜਾਬ ਜਾਂ ਇਸ ਦੇ ਗੁਆਂਢੀ ਪਹਾੜੀ ਰਾਜਾਂ ਵਿਚ ਲਗਣ ਵਾਲੀਆਂ ਨਵੀਆਂ ਉਦਯੋਗਿਕ ਇਕਾਈਆਂ ਵਾਸਤੇ ਮੁਕਾਬਲੇ ਲਈ ਬਰਾਬਰੀ ਦਾ ਪਿੜ ਤਿਆਰ ਹੋ ਗਿਆ ਹੈ। ਸੰਵੇਦਨਸ਼ੀਲ ਸਰਹਦੀ ਸੂਬੇ ਪੰਜਾਬ ਦੀ ਲੰਬੇ ਸਮੇਂ ਤੋਂ ਇਹੋ ਵਡੀ ਸ਼ਿਕਾਇਤ ਅਤੇ ਮੰਗ ਰਹੀ ਹੈ। ਸੁਖਬੀਰ ਬਾਦਲ ਵਲੋਂ ਵਾਰ ਵਾਰ ਦਬਾਅ ਪਾਉਣ ਤੇ ਕੇਂਦਰ ਵਲੋਂ ਮੰਨੀ ਇਸ ਮੰਗ ਨਾਲ ਪੰਜਾਬ ਅੰਦਰ ਨਵੇਂ ਨਿਵੇਸ਼ ਵਾਸਤੇ ਸਾਰੇ ਰਸਤੇ ਸਾਫ ਹੋ ਗਏ ਹਨ। ਕਿਉਂ ਕਿ ਹੁਣ ਅਜਿਹਾ ਕੋਈ ਤੌਖਲਾ ਨਹੀ ਰਿਹਾ ਕਿ ਨਿਵੇਸ਼ਕਾਰਾਂ ਨੂੰ ਗੁਆਂਢੀ ਪਹਾੜੀ ਰਾਜਾਂ ਨਾਲ ਬੇਮੇਚ ਮੁਕਾਬਲਾ ਕਰਨਾ ਪਵੇਗਾ। ਸ੍ਰੀ ਜੇਤਲੀ ਨਾਲ ਮੁਲਾਕਾਤ ਮਗਰੋਂ ਬਾਹਰ ਇੰਤਜ਼ਾਰ ਕਰ ਰਹੇ ਪਤਰਕਾਰਾਂ ਨੂੰ ਸੁਖਬੀਰ ਬਾਦਲ ਨੇ ਦਸਿਆ ਕਿ ਇਸ ਨਾਲ ਪੰਜਾਬ ਦੇ ਦੇਸ਼ਭਗਤ ਅਤੇ ਬਹਾਦਰ ਲੋਕਾਂ ਨਾਲ ਸਾਲਾਂ ਤੋਂ ਹੋ ਰਹੀ ਬੇਇਨਸਾਫੀ ਅਤੇ ਵਿਤਕਰਾ ਖਤਮ ਹੋ ਗਿਆ ਹੈ। ਹੁਣ ਕੋਈ ਵੀ ਵਿਅਕਤੀ ਪੰਜਾਬ ਅਤੇ ਗੁਆਂਢੀ ਰਾਜਾਂ ਵਿਚਕਾਰ ਅਲਗ ਅਲਗ ਕਾਨੂੰਨਾਂ ਕਰਕੇ ਹੋਣ ਵਾਲੇ ਨੁਕਸਾਨਾਂ ਦਾ ਤੌਖਲਾ ਮਨ ਵਿਚ ਰਖੇ ਬਗੈਰ ਬੇਫਿਕਰ ਹੋ ਕੇ ਪੰਜਾਬ ਅੰਦਰ ਇੰਡਸਟਰੀ ਲਗਾ ਸਕਦਾ ਹੈ। ਮੇਰੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ, ਜਿਹਨਾਂ ਨੇ ਪੰਜਾਬੀਆਂ ਨੂੰ ਉਹਨਾਂ ਦੇ ਹਥ ਪਿਠ ਪਿਛੇ ਬੰਨੇ ਬਗੈਰ ਕਿਸੇ ਵੀ ਨਵੇਂ ਕਾਰੋਬਾਰ ਨਾਲ ਮੁਕਾਬਲਾ ਕਰਨ ਦੀ ਆਗਿਆ ਦਿਤੀ। ਸਰਦਾਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦਾ ਵਫਦ ਜਿਹਨਾਂ ਵਿਚ ਸਾਂਸਦ ਸ੍ਰੀ ਨਰੇਸ਼ ਗੁਜਰਾਲ, ਪੰਜਾਬ ਦੇ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਪਾਰਟੀ ਦੇ ਜਨਰਲ ਸਕਤਰ ਅਤੇ ਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਸ਼ਾਮਿਲ ਸਨ, ਕੇਂਦਰੀ ਵਿਤ ਮੰਤਰੀ ਨੂੰ ਮਿਲਿਆ। ਸਰਦਾਰ ਬਾਦਲ ਨੇ ਅਕਾਲੀ ਦਲ ਅਤੇ ਪੰਜਾਬ ਦੇ ਸਾਰੇ ਕਾਰੋਬਾਰੀਆਂ, ਵਪਾਰੀਆਂ ਅਤੇ ਉਦਯੋਗਾਂ ਵਲੋਂ ਸ੍ਰੀ ਜੇਤਲੀ ਨੂੰ ਇਕ ਮੈਮੋਰੰਡਮ ਦਿਤਾ। ਇਸ ਫੈਸਲੇ ਦਾ ਪੰਜਾਬ ਵਿਚ ਖੇਤੀਬਾੜੀ ਦੀ ਪੁਨਰ-ਸੁਰਜੀਤੀ ਉਤੇ ਵਡਾ ਅਸਰ ਪਵੇਗਾ, ਕਿਉਂਕਿ ਸੂਬੇ ਅੰਦਰ ਜ਼ਿਆਦਾ ਇੰਡਸਟਰੀ ਆਉਣ ਦਾ ਅਰਥ ਹੈ ਕਿ ਕਚੇ ਮਾਲ ਖਾਸ ਕਰਕੇ ਕਪਾਹ, ਕਣਕ ਅਤੇ ਮਕੀ ਦੀ ਜ਼ਿਆਦਾ ਮੰਗ ਵਧੇਗੀ। ਅਕਾਲੀ ਦਲ ਵਲੋਂ ਦਿਤੇ ਮੈਮੋਰੰਡਮ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਨਾਲ ਕੀਤੀ ਗਈ ਬੇਇਨਸਾਫੀ ਦਾ ਜ਼ਿਕਰ ਕਰਦਿਆਂ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਰਿਆਇਤਾਂ ਨਾਲ ਸੂਬੇ ਨੂੰ ਲਖਾਂ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣਾ ਪਵੇਗਾ। ਵਪਾਰ ਅਤੇ ਉਦਯੋਗ ਤੋਂ ਇਲਾਵਾ, ਇਸ ਦਾ ਅਰਥ ਵਿਵਸਥਾ ਦੇ ਬਾਕੀ ਸੈਕਟਰਾਂ ਖਾਸ ਕਰਕੇ ਖੇਤੀਬਾੜੀ ਅਤੇ ਸਰਵਿਸ ਸੈਕਟਰਾਂ ਉਤੇ ਮਾੜਾ ਪ੍ਰਭਾਵ ਪਵੇਗਾ, ਕਿਉਂਕਿ ਸਮੁਚੀ ਅਰਥ ਵਿਵਸਥਾ ਵਿਭਿੰਨ ਬਾਜ਼ਾਰੀ ਸ਼ਕਤੀਆਂ ਦੇ ਅੰਤਰ-ਨਿਰਭਰ ਨੈਟਵਰਕ ਵਜੋਂ ਕੰਮ ਕਰਦੀ ਹੈ। ਸੁਖਬੀਰ ਬਾਦਲ ਨੇ ਬੇਨਤੀ ਕੀਤੀ ਸੀ ਕਿ ਨਿਰੋਲ ਮੈਰਿਟ ਦੇ ਆਧਾਰ ਉਤੇ ਪੰਜਾਬ ਤੋਂ ਵਧ ਕੋਈ ਵੀ ਰਾਜ ਇਹਨਾਂ ਰਿਆਇਤਾਂ ਦਾ ਹਕਦਾਰ ਨਹੀਂ ਹੈ। ਪੰਜਾਬ ਇਕ ਦੁਸ਼ਮਣ ਸਰਹਦ ਦੇ ਨਾਲ ਲਗਦਾ ਹੈ, ਜਿਸ ਬਾਰੇ ਕੇਂਦਰ ਵੀ ਮੰਨਦੀ ਹੈ ਕਿ ਇਹ ਸਰਹਦ ਰਾਸ਼ਟਰੀ ਸੁਰਖਿਆ ਲਈ ਚਿੰਤਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਜ਼ਾਦੀ ਤੋਂ ਬਾਅਦ ਪੰਜਾਬ 4 ਜੰਗਾਂ ਦਾ ਸਾਹਮਣਾ ਕਰ ਚੁਕਿਆ ਹੈ। ਇਸ ਤੋਂ ਇਲਾਵਾ ਅਸੀਂ ਦੋ ਦਹਾਕਿਆਂ ਤੀਕ ਖਾੜਕੂਵਾਦ ਦੇ ਨੁਕਸਾਨਾਂ ਨੂੰ ਵੀ ਝਲਿਆ ਹੈ, ਜਿਸ ਬਾਰੇ ਭਾਰਤ ਸਰਕਾਰ ਵੀ ਸਵੀਕਾਰ ਕਰਦੀ ਹੈ ਕਿ ਇਹ ਪੰਜਾਬ ਨੂੰ ਕਮਜ਼ੋਰ ਕਰਕੇ ਸਾਡੇ ਮੁਲਕ ਨੂੰ ਤਬਾਹ ਕਰਨ ਲਈ ਵਿਦੇਸ਼ੀ ਮਦਦ ਨਾਲ ਰਚੀ ਗਈ ਸਾਜ਼ਿਸ਼ ਸੀ। ਸ੍ਰੀ ਜੇਤਲੀ ਨੇ ਇਕ ਘੰਟਾ ਚਲੀ ਇਸ ਮੀਟਿੰਗ ਦੌਰਾਨ ਸਰਦਾਰ ਬਾਦਲ ਵਲੋਂ ਉਠਾਏ ਨੁਕਤਿਆਂ ਨੂੰ ਬੜੇ ਠਰੰਮੇ ਨਾਲ ਸੁਣਿਆ ਅਤੇ ਮੈਮੋਰੰਡਮ ਨੂੰ ਵੀ ਪੂਰੇ ਗੌਰ ਨਾਲ ਪੜ੍ਹਿਆ। ਅਖੀਰ ਉਹਨਾਂ ਟਿਪਣੀ ਕੀਤੀ ਕਿ ਮੈਨੂੰ ਤੁਹਾਡੀ ਬੇਨਤੀ ਵਿਚ ਵਜ਼ਨ ਨਜ਼ਰ ਆਉਂਦਾ ਹੈ। ਭਵਿਖ ਵਿਚ ਅਸੀਂ ਇਹ ਗਲ ਯਕੀਨੀ ਬਣਾਵਾਂਗੇ ਕਿ ਤੁਹਾਡੇ ਕਿਸੇ ਵੀ ਗੁਆਂਢੀ ਸੂਬੇ ਨੂੰ ਪੰਜਾਬ ਤੋਂ ਵਧ ਰਿਆਇਤਾਂ ਨਾਲ ਦਿਤੀਆਂ ਜਾਣ। ਸ੍ਰੀ ਜੇਤਲੀ ਵਲੋਂ ਦਿਤੇ ਇਸ ਹਾਂ-ਪਖੀ ਭਰੋਸੇ ਵਾਸਤੇ ਸ੍ਰੀ ਨਰੇਸ਼ ਗੁਜਰਾਲ, ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਸ੍ਰੀ ਹਰਚਰਨ ਬੈਂਸ ਨੇ ਵੀ ਉਹਨਾਂ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।

Send this to a friend