ਭਵਾਨੀਗੜ੍ਹ, 21 ਅਗਸਤ (ਕ੍ਰਿਸ਼ਨ ਗਰਗ) – ਥਾਣਿਆਂ ਵਿਚ ਆਮ ਲੋਕਾਂ ਦੀ ਸੁਣਵਾਈ ਨਾ ਹੋਣ ਦੇ ਰੋਸ਼ ਵਿਚ ਅਜ ਇਥੇ ਸੀ ਪੀ ਐਮ ਦੀ ਅਗਵਾਈ ਹੇਠ ਵਡੀ ਗਿਣਤੀ ਵਿਚ ਔਰਤਾਂ ਸਮੇਤ ਪਾਰਟੀ ਵਰਕਰਾਂ ਨੇ ਥਾਣੇ ਦਾ ਘਿਰਾਓ ਕੀਤਾ। ਇਸ ਮੌਕੇ ਗੇਟ ਅਗੇ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕਤਰੇਤ ਭੂਪ ਚੰਦ ਚੰਨੋ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਅਤੇ ਬੰਤ ਸਿੰਘ ਨਮੋਲ ਨੇ ਕਿਹਾ ਕਿ ਅਕਾਲੀ-ਭਾਜਪਾ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਪੁਲੀਸ ਦੀ ਕਾਰਗੁਜਾਰੀ ਵਿਚ ਕੋਈ ਫਰਕ ਨਹੀਂ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਅਜ ਵੀ ਥਾਣਿਆਂ ਅੰਦਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਸਗੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਭਵਾਨੀਗੜ ਦੇ ਥਾਣੇ ਦੇ ਮੁਲਾਜਮ ਵੀ ਆਮ ਲੋਕਾਂ ਦੇ ਝਗੜੇ ਨਿਰਪਖਤਾ ਨਾਲ ਨਿਪਟਾਉਣ ਦੀ ਬਜਾਇ ਹਰ ਸਮੇਂ ਵਿਤਕਰਾ ਹੀ ਕਰਦੇ ਹਨ। ਇਲਾਕੇ ਅੰਦਰ ਗੁੰਡਾਗਰਦੀ ਅਤੇ ਨਸ਼ਿਆਂ ਉਤੇ ਕੋਈ ਕੰਟਰੋਲ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਜ਼ੋਰਦਾਰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਪੁਲੀਸ ਅਤੇ ਜਿਲ੍ਹਾ ਪ੍ਰਸਾਸ਼ਨ ਨੇ ਆਪਣੀ ਕਾਰਗੁਜਾਰੀ ਵਿਚ ਕੋਈ ਸੁਧਾਰ ਨਾ ਕੀਤਾ ਤਾਂ ਪਾਰਟੀ ਵਲੋਂ ਸੰਘਰਸ਼ ਹੋਰ ਤਿਖਾ ਕੀਤਾ ਜਾਵੇਗਾ। ਧਰਨੇ ਵਿਚ ਦੇਵ ਰਾਜ ਵਰਮਾ, ਜਗਰੂਪ ਸਿੰਘ, ਦਵਿੰਦਰ ਸਿੰਘ, ਊਧਮ ਸਿੰਘ, ਮੱਖਣ ਸਿੰਘ, ਭਰਪੂਰ ਸਿੰਘ, ਹਰਬੰਸ ਸਿੰਘ, ਮਲਕੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਹਰਮੇਸ਼ ਕੌਰ, ਹਰਪਾਲ ਕੌਰ, ਬਲਵੀਰ ਸਿੰਘ ਵੀ ਹਾਜਰ ਸਨ। ਬਾਅਦ ਵਿਚ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਧਰਨੇ ਵਿਚ ਆਕੇ ਕਿਸੇ ਨਾਲ ਵੀ ਵਿਤਕਰਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਘਿਰਾਓ ਖਤਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਹਮੇਸ਼ਾ ਕਨੂੰਨ ਅਨੁਸਾਰ ਹੀ ਕੰਮ ਕਰਦੀ ਹੈ।