ਏ.ਆਈ.ਏ.ਡੀ.ਐਮ.ਕੇ. ਵੀ ਦੋ ਮੰਤਰੀ ਪਦਾਂ ਨਾਲ ਹੋਵੇਗੀ ਐਨ.ਡੀ.ਏ. ’ਚ ਸ਼ਾਮਿਲ
ਨਵੀਂ ਦਿਲੀ, 21 ਅਗਸਤ-ਕੇਂਦਰੀ ਮੰਤਰੀ ਮੰਡਲ ਵਿੱਚ ਇਸ ਹਫਤੇ ਵੱਡੀ ਤਬਦੀਲੀ ਅਤੇ ਵਿਸਥਾਰ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਵਿੱਚ ਐਨ.ਡੀ.ਏ. ਦੇ ਨਵੇਂ ਸਹਿਯੋਗੀ ਜੇ.ਡੀ.ਯੂ. ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਉਸ ਦੇ ਦੋ ਮੰਤਰੀ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੜੀ ਵਿਚ ਭਾਜਪਾ ਨਾਲ ਸਬੰਧਤ ਕੁੱਝ ਮੰਤਰੀਆਂ ਨੂੰ ਆਪਣੇ ਪਦ ਤਿਆਗਣੇ ਪੈਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਵਿਸਥਾਰ ਦੌਰਾਨ ਜੇ.ਡੀ.ਯੂ. ਅਤੇ ਏ.ਆਈ.ਏ.ਡੀ.ਐਮ.ਕੇ. ਨੂੰ ਦੋ-ਦੋ ਮੰਤਰੀ ਪਦ ਦਿੱਤੇ ਜਾਣਗੇ। ਸ਼੍ਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਜੇਡੀਯੂ ਪਹਿਲਾਂ ਹੀ ਐਨ.ਡੀ.ਏ. ਦਾ ਹਿੱਸਾ ਬਣ ਚੁੱਕੀ ਹੈ। ਉਧਰ ਦੂਜੇ ਪਾਸੇ ਏ.ਆਈ.ਏ.ਡੀ.ਐਮ.ਕੇ. ਦੇ ਦੋਹਾਂ ਧੜਿਆਂ ਵਿੱਚ ਏਕਤਾ ਤੋਂ ਬਾਅਦ ਉਸ ਦੇ ਵੀ ਐਨ.ਡੀ.ਏ. ਵਿੱਚ ਸ਼ਾਮਿਲ ਹੋਣ ਦੇ ਆਸਾਰ ਹਨ। ਇਸ ਪਾਰਟੀ ਦੇ ਪਨੀਰਸੇਲਵਮ ਅਤੇ ਪਲਾਨੀਸਵਾਮੀ ਗੁੱਟ ਨੇ ਆਪਸੀ ਏਕਤਾ ਕਰ ਲਈ ਹੈ। ਸ਼੍ਰੀ ਪਨੀਰਸੇਲਵਮ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਜੇ.ਡੀ.ਯੂ. ਨੂੰ 19 ਅਗਸਤ ਨੂੰ ਕੌਮੀ ਕਾਰਜਕਾਰਨੀ ਵਿੱਚ ਇਸ ਸਬੰਧੀ ਮਤਾ ਪਾਸ ਕੀਤਾ ਹੈ। ਇਸ ਤਰ੍ਹਾਂ ਦੋਵੇਂ ਪਾਰਟੀਆਂ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਮੂਲੀਅਤ ਲਈ ਰਾਹ ਪੱਧਰਾ ਹੋ ਗਿਆ ਹੈ। ਮੰਤਰੀ ਮੰਡਲ ਦੇ ਵਿਸਥਾਰ ਦੌਰਾਨ ਕੁਝ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾਣੇ ਹਨ। ਇਸ ਸਬੰਧੀ ਭਾਜਪਾ ਦੀ ਉਚ ਲੀਡਰਸ਼ਿਪ ਵੱਲੋਂ ਸਾਰੇ ਮੰਤਰੀਆਂ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ। ਚੰਗੀ ਕਾਰਗੁਜਾਰੀ ਵਾਲੇ ਮੰਤਰੀਆਂ ਦੀ ਤਰੱਕੀ ਕੀਤੀ ਜਾਵੇਗੀ ਜਦੋਂ ਕਿ ਮਾੜੀ ਕਾਰਗੁਜਾਰੀ ਵਾਲੇ ਮੰਤਰੀਆਂ ਦੇ ਅਹੁਦੇ ਘਟਾਏ ਜਾ ਸਕਦੇ ਹਨ। ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਚੇਹਰਿਆਂ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਇਸ ਸਮੇਂ ਦੋ ਮੰਤਰੀ ਹਨ। ਭਾਜਪਾ ਦੀ ਤਰਫੋਂ ਸ਼੍ਰੀ ਵਿਜੇ ਸਾਂਪਲਾ ਰਾਜ ਮੰਤਰੀ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਜ਼ਾਦ ਚਾਰਜ ਦਿੱਤਾ ਗਿਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸ਼੍ਰੀ ਸਾਂਪਲਾ ਦਾ ਰੁਤਬਾ ਵਧਾਏ ਜਾਣ ਦੀ ਸੰਭਾਵਨਾ ਹੈ।