ਬਰਨਾਲਾ ਨੇੜੇ ਪੈਂਦੇ ਕਸਬਾ ਪੱਖੋਂ ਕਲਾ ਵਰਗੇ ਸਹੂਲਤਾਂ ਵਿਹੂਣੇ ਇਲਾਕੇ ਵਿੱਚ ਚੰਗੀ ਵਿਦਿਅਕ ਤਾਲੀਮ ਦੀ ਖੁਸ਼ਬੂ ਖਿਲਾਰਨ ਦਾ ਸੁਪਨਾ ਤਿੰਨ ਕੁ ਦਹਾਕੇ ਪਹਿਲਾਂ ਦੂਰਅੰਦੇਸ਼ੀ ਸ਼ਖਸੀਅਤ ਸਵਰਗਵਾਸੀ ਸ. ਅਜੀਤ ਸਿੰਘ ਪੱਖੋ ਨੇ ਵੇਖਿਆ ਸੀ, ਜੋ ਅੱਜ ਪੂਰਨ ਰੂਪ ਵਿੱਚ ਸਾਕਾਰ ਹੋ ਚੁੱਕਾ ਹੈ। ਜਿੱਥੇ ਸ. ਅਜੀਤ ਸਿੰਘ ਪੱਖੋ ਨੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਸੰਤ ਬਾਬਾ ਲੌਂਗਪੁਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ ਸੀ, ਉਥੇ ਉਨ੍ਹਾਂ ਦੇ ਫਰਜੰਦ ਦਾ ਰਵਿੰਦਰਜੀਤ ਸਿੰਘ ਬਿੰਦੀ ਨੇ ਇਸ ਵਿਦਿਅਕ ਸੰਸਥਾ ਨੂੰ ਸਿਖਰਾਂ ’ਤੇ ਲਿਜਾਉਣ ਦੇ ਨਾਲ-ਨਾਲ ਆਈ.ਸੀ.ਐਸ.ਸੀ. ਪੈਟਰਨ ਦਾ ਸੰਤ ਬਚਨਪੁਰੀ ਇੰਟਰਨੈਸ਼ਨਲ ਸਕੂਲ ਸਥਾਪਿਤ ਕਰਕੇ ਬੱਚਿਆਂ ਦੇ ਉਜਵਲ ਭਵਿੱਖ ਲਈ ਸੁਨਹਿਰੀ ਕਦਮ ਉਠਾਇਆ ਹੈ। ਸ. ਬਿੰਦੀ ਦੀ ਪ੍ਰਾਪਤੀ ਇਹ ਵੀ ਆਖੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਪਰਵਾਜ਼ ਭਰਨ ਲਈ ਹਮੇਸ਼ਾ ਖੁੱਲ੍ਹਾ-ਡੁੱਲ੍ਹਾ ਆਸਮਾਨ ਮਿੱਥਿਆ ਹੈ। ਸ. ਅਜੀਤ ਸਿੰਘ ਪੱਖੋ ਤਾਂ ਸੰਤ ਲੌਂਗਪੁਰੀ ਸਕੂਲ ਦੇ ਪ੍ਰਧਾਨ ਸਨ ਪਰ ਬਿੰਦੀ ਬਰਨਾਲਾ ਜ਼ਿਲ੍ਹੇ ਦੇ ਸਮੂਹ ਨਿੱਜੀ ਸਕੂਲਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਸ. ਬਿੰਦੀ ਬੇਸ਼ੱਕ ਅੱਜ ਬੇਜੋੜ ਸਫਲਤਾ ਦਾ ਸਿਰਨਾਵਾਂ ਬਣ ਚੁੱਕਾ ਹੈ ਪਰ ਉਸ ਦੇ ਪੈਰ ਸਦਾ ਸਰਜ਼ਮੀਂ ’ਤੇ ਰਹੇ ਹਨ। ਉਹ ਦੁਨੀਆ ਵਿੱਚ ਕਿਤੇ ਵੀ ਰਿਹਾ ਹੋਵੇ, ਆਪਣੀਆਂ ਜੜ੍ਹਾਂ ਨੂੰ ਉਸ ਨੇ ਕਦਾਚਿਤ ਨਹੀਂ ਵਿਸਾਰਿਆ। ਸੰਘਰਸ਼ ਸਦਾ ਬਿੰਦੀ ਦੇ ਅੰਗ-ਸੰਗ ਰਿਹਾ ਹੈ। ਹਰ ਸਫਲਤਾ ਨੂੰ ਉਹ ਮਹਿਜ਼ ਮੁਕਾਮ ਦਾ ਦਰਜਾ ਦਿੰਦਾ ਹੈ। ਬੇਸ਼ੱਕ ਉਸ ਦਾ ਪਿਛੋਕੜ ਰਾਜਸੀ ਰਿਹਾ ਹੈ, ਪਰ ਉਸ ਨੇ ਆਪਣੀ ਸ਼ਖਸੀਅਤ ਰਾਜਨੀਤੀ ਵਾਲੇ ਐਬਾਂ ਤੋਂ ਸਦਾ ਅਭਿੱਜ ਰੱਖਿਆ ਹੈ। ਜਿਉਂ-ਜਿਉਂ ਉਸ ਦਾ ਕੱਦ ਉਚਾ ਹੋ ਰਿਹਾ ਹੈ, ਤਿਉਂ-ਤਿਉਂ ਉਹ ਹੋਰ ਨਿਮਾਣਾ ਹੁੰਦਾ ਜਾ ਰਿਹਾ ਹੈ। ਸ. ਬਿੰਦੀ ਦਾ ਕਹਿਣਾ ਹੈ ਕਿ ਉਹ ਨਿੱਜ ਤੋਂ ਉਠ ਕੇ ਇਲਾਕੇ ਦੇ ਬੱਚਿਆਂ ਦੇ ਭਵਿੱਖ ਨੂੰ ਤਰਾਸ਼ਣਾ ਚਾਹੁੰਦੇ ਹਨ। ਸ਼ਾਲਾ! ਸ. ਬਿੰਦੀ ਵਿਦਿਅਕ ਖੇਤਰ ਵਿੱਚ ਸੂਰਜ ਵਾਂਗ ਚਮਕਦਾ ਰਹੇ।