ਕੇਂਦਰੀ ਗ੍ਰਹਿ ਮੰਤਰੀ ਵੱਲੋਂ ਐਨ.ਆਈ.ਏ. ਦੇ ਲਖਨਊ ਦਫਤਰ ਦਾ ਉਦਘਾਟਨ
ਲਖਨਊ, 20 ਅਗਸਤ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨਕਸਲਵਾਦ,ਅਤਵਾਦ ਅਤੇ ਕਟੜਵਾਦ ‘ਤੇ ਜਿਤ ਪ੍ਰਾਪਤ ਕਰਨ ਦੀ ਦਿਸ਼ਾ ਵਲ ਤੇਜ਼ੀ ਨਾਲ ਅਗੇ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟੈਰਰ ਫੰਡਿਗ ਦੇ ਸਰੋਤ ਨੂੰ ਖਤਮ ਕਰਕੇ ਅਤਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ‘ਚ ਪੂਰਬ ‘ਚ ਅਤਵਾਦ 75 ਫੀਸਦੀ ਘਟ ਹੋਇਆ ਹੈ ਜਦੋਂਕਿ ਨਕਸਲਵਾਦ ‘ਚ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਐਨ.ਆਈ.ਏ. ਦੀ ਕਿਰਿਆਸ਼ੀਲ ਭੂਮਿਕਾ ਕਾਰਨ ਵੀ ਜੰਮੂ-ਕਸ਼ਮੀਰ ’ਚ ਪਥਰਬਾਜ਼ੀ ਦੀਆਂ ਘਟਨਾਵਾਂ ’ਚ ਵੀ ਕਮੀ ਆਈ ਹੈ। ਸਿੰਘ ਨੇ ਕਿਹਾ ਕਿ ਨਕਸਲਵਾਦ,ਅਤਵਾਦ ਅਤੇ ਕਟੜਵਾਦ ਲਈ ਨਕਲੀ ਨੋਟਾਂ ਦੀ ਮੁਖ ਭੂਮਿਕਾ ਹੈ।ਰਾਸ਼ਟਰੀ ਜਾਂਚ ਏਜੰਸੀ ਇਸ ਤਰ੍ਹਾਂ ਦੇ ਕਈ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ। ਜੇਕਰ ਅਤਵਾਦ ਦਾ ਵਿਤ ਪੋਸ਼ਣ ਕਰਨ ਵਾਲੇ ਸਾਧਨਾਂ ਨੂੰ ਹੀ ਖਤਮ ਕਰ ਦਿਤਾ ਜਾਵੇ ਤਾਂ ਅਤਵਾਦ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਐਨ.ਆਈ.ਏ. ਇਸ ਪਾਸੇ ਕੰਮ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਐਨ.ਆਈ.ਏ. ਦੇਸ਼ ਦੀ ਵਧੀਆ ਜਾਂਚ ਏਜੰਸੀ ਹੈ ਅਤੇ ਅਤਵਾਦ ਨੂੰ ਵਿਤੀ ਸਹਾਇਤਾ ਦੇਣ ਵਾਲੇ ਲੋਕ ਇਸ ਦਾ ਨਾਂ ਸੁਣਦੇ ਹੀ ਦਹਿਸ਼ਤ ‘ਚ ਆ ਜਾਂਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਭਾਰਤ ‘ਚ ਐਨ.ਆਈ.ਏ. ਦਾ ਪਹਿਲਾ ਰਿਹਾਇਸ਼ੀ ਕੰਪਲੈਕਸ ਅਤੇ ਦਫਤਰ ਲਖਨਊ ‘ਚ ਸਥਾਪਿਤ ਕੀਤਾ ਗਿਆ ਹੈ। ਇਸ ਦੇ ਕਾਰਜ ਖੇਤਰ ‘ਚ ਉਤਰ-ਪ੍ਰਦੇਸ਼, ਉਤਰਾਖੰਡ,ਬਿਹਾਰ ਅਤੇ ਮਧ ਪ੍ਰਦੇਸ਼ ਆਉਂਦੇ ਹਨ। ਇਹ ਚਾਰੋਂ ਸੂਬੇ ਅਤਵਾਦ ਦੀ ਨਜ਼ਰ ਤੋਂ ਸ਼ਾਂਤ ਖੇਤਰ ਮੰਨੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਐਨ.ਆਈ.ਏ. ਸਾਰੇ ਦੇਸ਼ ’ਚ 165 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਕਰੀਬ 95 ਫੀਸਦੀ ਮਾਮਲਿਆਂ ’ਚ ਕਾਮਯਾਬ ਵੀ ਹੋਈ ਹੈ। ਇਸ ਤਰ੍ਹਾਂ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਏਜੰਸੀ ਹੈ। ਲਖਨਊ ‘ਚ ਇਸ ਦਾ ਕੰਪਲੈਕਸ ਬਣਾਉਣ ਨਾਲ ਇਸ ਦੀ ਕਾਰਜਪ੍ਰਣਾਲੀ ‘ਚ ਹੋਰ ਸੁਧਾਰ ਹੋਵੇਗਾ।ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਸੀਨੀਅਰ ਮਹਿਮਾਨ ਮੁਖ ਮੰਤਰੀ ਯੋਗੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਐਨ.ਆਈ.ਏ. ਅਤੇ ਉਤਰ-ਪ੍ਰਦੇਸ਼ ਦੀਆਂ ਵਖ-ਵਖ ਜਾਂਚ ਅਤੇ ਖੁਫੀਆ ਏਜੰਸੀਆਂ ਦੇ ਵਿਚਕਾਰ ਹਰੇਕ 6 ਮਹੀਨੇ ‘ਚ ਉਚ ਪਧਰੀ ਬੈਠਕ ਹੋਵੇ ਤਾਂ ਜੋ ਅਸਰਦਾਰ ਢੰਗ ਨਾਲ ਆਪਸੀ ਤਾਲਮੇਲ ਦੇ ਨਾਲ ਕੰਮ ਹੋ ਸਕੇ। ਯੋਗੀ ਨੇ ਕਿਹਾ ਹੈ ਕਿ ਅਤਵਾਦ ਨਾਲ ਲੜਣ ਦੇ ਲਈ ਆਪਣੀਆਂ ਜਾਂਚ ਏਜੰਸੀਆਂ ਨੂੰ ਆਧੁਨਿਕ ਅਤੇ ਸ਼ਕਤੀਸ਼ਾਲੀ ਬਣਨਾ ਹੋਵੇਗਾ। ਉਤਰ ਪ੍ਰਦੇਸ਼ ਦੀਆਂ ਸਾਰੀਆਂ ਜਾਂਚ ਏਜੰਸੀਆਂ ਐਨ.ਆਈ.ਏ. ਨੂੰ ਹਰ ਪਧਰ ’ਤੇ ਸਹਿਯੋਗ ਦੇਣਗੀਆਂ।ਯੋਗੀ ਨੇ ਕਿਹਾ ਕਿ ਭਾਰਤ ਅਤਵਾਦ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਨਾਜ਼ੁਕ ਦੇਸ਼ ਹੈ।ਗੁਆਂਢ ਦੇ ਕੁਝ ਦੇਸ਼ਾਂ ਨੇ ਅਤਵਾਦ ਨੂੰ ਆਪਣੀ ਵਿਦੇਸ਼ੀ ਨੀਤੀ ਦਾ ਹਿਸਾ ਬਣਾ ਲਿਆ ਹੈ, ਐਨ.ਆਈ.ਏ. ਦੇ ਜ਼ਰੀਏ ਉਨ੍ਹਾਂ ਨੂੰ ਤਬਾਹ ਕੀਤਾ ਜਾ ਸਕੇਗਾ। ਐਨ.ਆਈ.ਏ. ਦੇ ਡਾਇਰੈਕਟਰ ਜਨਰਲ ਸ਼ਰਦ ਕੁਮਾਰ ਨੇ ਦਸਿਆ ਹੈ ਕਿ ਐਨ.ਆਈ.ਏ. ਦੇ ਲਖਨਊ ਕੰਪਲੈਕਸ ਦੇ ਨਿਰਮਾਣ ’ਤੇ 36 ਕਰੋੜ ਰੁਪਏ ਦੀ ਲਾਗਤ ਆਈ ਹੈ।ਉਨ੍ਹਾਂ ਨੇ ਦਸਿਆ ਕਿ ਐਨ.ਆਈ.ਏ. ਨੇ ਹੁਣ ਤਕ 24 ਮਾਮਲੇ ਰਜਿਸਟਰਡ ਕੀਤੇ ਹਨ ਜਿਨ੍ਹਾਂ ’ਚੋਂ 23 ਮਾਮਲਿਆਂ ‘ਚ ਕਾਮਯਾਬੀ ਮਿਲੀ ਹੈ।