ਚੰਡੀਗੜ/18 ਅਗਸਤ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਉਸ ਤਦਬੀਲੀ ਦਾ ਹਿੱਸਾ ਬਣਨ ਦਾ ਜ਼ੋਰਦਾਰ ਸੱਦਾ ਦਿੱਤਾ ਹੈ, ਜਿਸ ਨੂੰ ਵੇਖਣਾ ਚਾਹੁੰਦੇ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ 2022 ਵਿਚ ਹੋਣ ਵਾਲੀਆਂ ਅਸੰਬਲੀ ਚੋਣਾਂ ਵਿਚ ਪਾਰਟੀ 50 ਫੀਸਦੀ ਟਿਕਟਾਂ ਨੌਜਵਾਨਾਂ ਨੂੰ ਦੇਵੇਗੀ। ਇੱਥੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕੁਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਪੀੜੀ ਨੂੰ ਅਕਾਲੀ ਦਲ ਦੇ ਸਾਰੇ ਯੂਨਿਟਾਂ ਵਿਚ ਲੋੜੀਂਦੀ ਨੁਮਾਇੰਦਗੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂ ਨੌਜਵਾਨ ਆਗੂਆਂ ਅਤੇ ਵਰਕਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹ ਦੇ ਹਿੱਤਾਂ ਦੀ ਅਕਾਲੀ ਦਲ ਅੰਦਰ ਹਿਫਾਜ਼ਤ ਕੀਤੀ ਜਾਵੇਗੀ। ਮੈਂ ਉਹਨਾਂ ਨੂੰ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਰਾਂਹੀ ਪਾਰਟੀ ਦੇ ਅੰਦਰ ਆਪਣੀ ਥਾਂ ਬਣਾਉਣ ਦੀ ਅਪੀਲ ਕਰਦਾ ਹਾਂ। ਮੈਂ ਵੀ ਅਜਿਹਾ ਕੀਤਾ ਹੈ ਅਤੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਪਹਿਲਾਂ ਅਕਾਲੀ ਦਲ ਦੇ ਯੂਥ ਵਿੰਗ ਵਿਚ ਕੰਮ ਕੀਤਾ ਹੈ। ਪੰਜਾਬ ਯੂਨੀਵਰਸਿਟੀ ਬਾਰੇ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਐਸਓਆਈ ਜ਼ਰੀਏ ਉਠਾਈਆਂ ਸਾਰੀਆਂ ਮੰਗਾਂ ਨੂੰ ਅਕਾਲੀ ਦਲ ਨੇ ਪੂਰਾ ਕੀਤਾ ਸੀ। ਮੈਂ ਜੋ ਵੀ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਸੀ, ਇਹ ਚਾਹੇ ਸੋਲਟ ਪੈਨਲ ਲਗਵਾਉਣਾ ਹੋਵੇ, ਕੁੜੀਆਂ ਲਈ ਜ਼ਿਮਨੇਜ਼ੀਅਮ ਹੋਵੇ, ਵੱਖ ਵੱਖ ਵਿਭਾਗਾਂ ਵਿਚ ਪੱਖੇ ਲਗਵਾਉਣਾ ਹੋਵੇ ਜਾਂ ਫਿਰ ਕੁੜੀਆਂ ਦੇ ਹੋਸਟਲਾਂ ਵਿਚ ਵਾਸ਼ਿੰਗ ਮਸ਼ੀਨਾਂ ਲਗਵਾਉਣਾ ਹੋਵੇ। ਭਵਿੱਖ ਵਿਚ ਵੀ ਅਕਾਲੀ ਦਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਵਿਸ਼ੇਸ਼ ਤਵੱਜੋ ਦਿੰਦਾ ਰਹੇਗਾ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰਦਾ ਰਹੇਗਾ। ਇਸ ਮੌਕੇ ਸਰਦਾਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸੰਬੰਧਿਤ ਕਾਲਜਾਂ ਵਿਚ ਐਸਓਆਈ ਦੇ ਚੋਣ ਪੈਨਲਾਂ ਦੀ ਅਗਵਾਈ ਕਰਨ ਵਾਸਤੇ ਚੁਣੇ ਗਏ ਵਿਦਿਆਰਥੀਆਂ ਅਤੇ ਦੂਜੇ ਵਿਦਿਆਰਥੀਆਂ ਨਾਲ ਨਿੱਜੀ ਤੌਰ ਤੇ ਵੀ ਗੱਲਬਾਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਦ੍ਰਿਸ਼ਟੀ ਅਤੇ ਤਜਰਬੇ ਸਾਂਝੇ ਕਰਨ ਲਈ ਆਖਦਿਆਂ ਕਿਹਾ ਕਿ ਅਕਾਲੀ ਦਲ ਇੱਕ ਵਿਆਪਕ ਯੂਥ ਪ੍ਰੋਗਰਾਮ ਤਿਆਰ ਕਰੇਗਾ, ਜਿਸ ਨੂੰ ਭਵਿੱਖ ਵਿਚ ਅਕਾਲੀ-ਭਾਜਪਾ ਦੀ ਸਰਕਾਰ ਬਣਨ ਉੱਤੇ ਲਾਗੂ ਕੀਤਾ ਜਾਵੇਗਾ। ਉਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਆਖਿਆ ਕਿ ਉਹ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਉਹਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੀ ਸੂਚੀ ਬਣਾ ਕੇ ਦੇਣ ਤਾਂ ਕਿ ਅਕਾਲੀ ਦਲ ਇਹਨਾਂ ਮੁੱਦਿਆਂ ਨੂੰ ਰਸਮੀ ਤੌਰ ‘ਤੇ ਉਠਾ ਸਕੇ। ਇਸ ਮੌਕੇ ਵਿਦਿਆਰਥੀ ਸਰਦਾਰ ਬਾਦਲ ਨਾਲ ਫੋਟੋਆਂ ਖਿਚਵਾਉਣ ਲਈ ਉਤਸੁਕ ਹੋ ਰਹੇ ਸਨ ਅਤੇ ਸਰਦਾਰ ਬਾਦਲ ਨੇ ਉਹਨਾਂ ਦੀ ਇਸ ਖਾਹਿਸ਼ ਨੂੰ ਬੜੀ ਹਲੀਮੀ ਦਿਖਾਉਂਦਿਆਂ ਪੂਰਾ ਕੀਤਾ।
ਇਸ ਮੌਕੇ ਉੱਤੇ ਮੌਜੂਦ ਸੀਨੀਅਰ ਵਿਦਿਆਰਥੀ ਆਗੂਆਂ ਵਿਚ ਭੀਮ ਵੜੈਚ, ਸਿਮਰਨਜੀਤ ਸਿੰਘ ਢਿੱਲੋਂ, ਵਿੱਕੀ ਮਿਡੂਖੇੜਾ, ਜਸਮੀਨ ਕੰਗ, ਰਸ਼ਪਾਲ ਹਾਕਮਵਾਲਾ ਅਤੇ ਰੌਬਿਨ ਬਰਾੜ ਮੌਜੂਦ ਸਨ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਵਾਸਤੇ ਐਸਓਆਈ ਪੈਨਲ ਦਾ ਐਲਾਨ ਕਰ ਦਿੱਤਾ ਗਿਆ ਜਿਸ ਵਿਚ ਮਹਿਨਾਜ਼ਪ੍ਰੀਤ ਸਿੰਘ ਚਾਹਲ ਚੇਅਰਮੈਨ, ਪ੍ਰਭਜੀਤ ਸਿੰਘ ਕਰਮੂਵਾਲੀਆ ਪ੍ਰਧਾਨ, ਹਰਮਨ ਲੁਬਾਨਾ ਪਾਰਟੀ ਪ੍ਰਧਾਨ, ਹਰਜੀਤ ਸਿੰਘ ਬਰਾੜ ਪਾਰਟੀ ਇੰਚਾਰਜ ਤੋਂ ਇਲਾਵਾ ਰੁਪਿੰਦਰ ਸ਼ਰਮਾ, ਪ੍ਰੀਤਕੰਵਲ ਸੰਧੂ, ਸੁਮਨ ਲੱਖੜ ਅਤੇ ਵਿਸ਼ਾਲ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।