ਬੀਬੀ ਬਾਦਲ ਨੇ ਚਿੱਟੀ ਮੱਖੀ ਦੇ ਸਤਾਏ ਕਿਸਾਨਾਂ ਦੇ ਦੁੱਖੜੇ ਸੁਣੇ

 

 

 

 

ਮਾਨਸਾ/ ਬੋਹਾ, 14 ਅਗਸਤ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਰਮਾ ਪੱਟੀ ਵਿਚ ਚਿੱਟੀ ਮੱਖੀ ਦੇ ਹਮਲੇ ਦਾ ਜਾਇਜਾ ਲੈਣ ਲਈ ਛੇਤੀ ਹੀ ਕੇਂਦਰੀ ਟੀਮ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ। ਇਸ ਟੀਮ ਵੱਲੋਂ ਖੇਤੀ ਮਾਹਿਰਾਂ ਨਾਲ ਕਿਸਾਨਾਂ ਦੀ ਸਿੱਧੀ ਗੱਲਬਾਤ ਕਰਵਾਕੇ ਫਸਲ ਬਚਾਉਣ ਦੇ ਉਪਰਾਲੇ ਕੀਤੇ ਜਾਣਗੇ, ਜਦੋਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਫਸਰਸ਼ਾਹੀ ਨੂੰ ਨਾਲ ਲੈ ਕੇ ਜਿਹੜਾ ਖੇਤਾਂ ਦਾ ਦੌਰਾ ਕੀਤਾ ਗਿਆ ਹੈ, ਉਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਰਾਖੀ ਲਈ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਤੁਰੰਤ ਰਾਹਤ ਵਾਲੀ ਗੱਲ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ। ਬੀਬੀ ਬਾਦਲ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਤੇ ਇਸ ਦੇ ਆਸ-ਪਾਸ ਉਨ੍ਹਾਂ ਖੇਤਾਂ ਦਾ ਦੌਰਾ ਕਰਕੇ ਗਏ ਹਨ, ਜਿਥੇ ਚਿੱਟੀ ਮੱਖੀ ਵੱਲੋਂ ਨਰਮੇ ਦੀ ਫਸਲ ਦਾ ਸੱਤਿਆਨਾਸ ਕਰਨ ਉਪਰੰਤ ਕਿਸਾਨਾਂ ਵੱਲੋਂ ਫਸਲ ਨੂੰ ਵਾਹ ਦਿੱਤਾ ਗਿਆ ਸੀ। ਬੀਬੀ ਬਾਦਲ ਨੇ ਅੱਜ ਬੋਹਾ ਖੇਤਰ ਦੇ ਪਿੰਡ ਅੱਕਾਂ ਵਾਲੀ ’ਚ ਕਿਸਾਨ ਗੁਰਮੇਲ ਸਿੰਘ, ਲਾਭ ਸਿੰਘ ਤੇ ਜਗਸੀਰ ਸਿੰਘ ਦੇ ਖੇਤਾਂ ’ਚ ਪਹੁੰਚ ਕੇ ਉਨ੍ਹਾਂ ਦੇ ਦੁੱਖੜੇ ਸੁਣੇ।
ਬੀਬੀ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦਾ ਪੱਖ ਪੂਰਨ ਦੀ ਬਜਾਏ, ਸਗੋਂ ਇਸ ਹਮਲੇ ਲਈ ਬੇਅਸਰ ਹੋਈਆਂ ਦਵਾਈਆਂ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ ਤੇ ਨਕਲੀ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਦੇ ਲਾਈਸੰਸ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਹੋਏ ਚਿੱਟੀ ਮੱਖੀ ਦੇ ਹਮਲੇ ਵੇਲੇ ਇਸੇ ਕਾਂਗਰਸੀ ਸਰਕਾਰ ਨੇ ਉਸ ਵੇਲੇ ਦੀ ਬਾਦਲ ਹਕੂਮਤ ਖ਼ਿਲਾਫ ਜ਼ਿਲ੍ਹਾ ਪੱਧਰ ‘ਤੇ ਧਰਨੇ ਲਾਏ ਗਏ ਸਨ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਹੁੰਦਿਆਂ ਇਸ ਹਮਲੇ ਨੂੰ ਕਿਉਂ ਨਹੀਂ ਠੱਲ੍ਹਿਆ ਜਾ ਰਿਹਾ।
ਬੀਬੀ ਬਾਦਲ ਨੇ ਕਿਹਾ ਕਿ ਚਿੱਟੀ ਮੱਖੀ ਲਈ, ਜਿਥੇ ਘਟੀਆ ਕਿਸਮ ਦੀਆਂ ਕੀੜੇਮਾਰ ਦਵਾਈਆਂ ਵੇਚਣ ਵਾਲੇ ਮੁੱਖ ਰੂਪ ‘ਚ ਦੋਸ਼ੀ ਹਨ, ਉੱਥੇ ਹੀ ਖੇਤੀਬਾੜੀ ਵਿਭਾਗ ਵੀ ਕਸੂਰਵਾਰ ਹੈ।

Send this to a friend