
ਨਵਾਂਸ਼ਹਿਰ, 14 ਅਗਸਤ
ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਭਾਰਤ ਅਤੇ ਪਾਕਿ ਦੀ ਵੰਡ ਵੇਲੇ 1947 ਵਿਚ ਮਾਰੇ ਗਏ 10 ਲੱਖ ਬੇਗ਼ੁਨਾਹਾਂ ਨੂੰ ਸਥਾਨਕ ਬਾਰਾਂਦਰੀ ਬਾਗ਼ ਵਿਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪਾਰਟੀ ਆਗੂਆਂ ਦਲਜੀਤ ਸਿੰਘ ਐਡਵੋਕੇਟ, ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਅਤੇ ਗੁਰਬਖਸ਼ ਕੌਰ ਸੰਘਾ ਨੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਦੇਸ਼ ਦੀ ਆਜ਼ਾਦੀ ਦੀ ਲਿਖੀ ਗਈ ਇਬਾਰਤ ਵਿਚ ਫਿਰਕੂ ਅੱਗ ਵਿਚ ਮਾਰੇ ਗਏ 10 ਲੱਖ ਬੇਗ਼ੁਨਾਹ ਲੋਕਾਂ ਦੇ ਲਹੂ ਦੀ ਸਿਆਹੀ ਵੀ ਸ਼ਾਮਲ ਹੈ।
ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿਚ ਹੀ ਵੱਡੇ ਪੱਧਰ ’ਤੇ ਮਨੁੱਖਤਾ ਦਾ ਘਾਣ ਹੋਇਆ। ਬਰਤਾਨਵੀ ਸਾਮਰਾਜ ਵੱਲੋਂ ਬਾਲੀ ਗਈ ਫਿਰਕੂ ਤੀਲੀ ਨਾਲ ਡੇਢ ਕਰੋੜ ਦੇ ਕਰੀਬ ਲੋਕਾਂ ਦਾ ਉਜਾੜਾ ਹੋਇਆ। ਉਨ੍ਹਾਂ ਕਿਹਾ ਕਿ ਇਸ ਵੰਡ ਦੀ ਅੱਗ ਦਾ ਸਭ ਤੋਂ ਵੱਧ ਸੇਕ ਪੰਜਾਬੀਆਂ ਨੂੰ ਲੱਗਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਹਾਲੋਂ, ਕਰਿਆਮ, ਕਮਾਮ, ਕਰੀਹਾ, ਚਣਕੋਆ, ਸਾਹਿਬਾ, ਸੜੋਆ ਅਤੇ ਸੋਨਾ ਪਿੰਡਾਂ ਵਿਚ ਵੱਡੀ ਪੱਧਰ ਉੱਤੇ ਮਨੁੱਖਤਾ ਦਾ ਕਤਲ ਹੋਇਆ। ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਦੇ ਜਸ਼ਨਾ ਵਿਚ ਆਜ਼ਾਦੀ ਸਮੇਂ ਮਾਰੇ ਗਏ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਫ਼ਿਰ ਕੁੱਝ ਤਾਕਤਾਂ ਵੱਲੋਂ ਫ਼ਿਰਕੂ ਜਨੂੰਨ ਭੜਕਾਇਆ ਜਾ ਰਿਹਾ ਹੈ ਜਿਸ ਤੋਂ ਬਚਣ ਦੀ ਲੋੜ ਹੈ। ਇਸ ਤੋਂ ਪਹਿਲਾਂ ਪਹਿਲਾਂ ਜਥੇਬੰਦੀ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁਲ ਭੇਟ ਕੀਤੇ ਗਏ।