ਰਾਏਕੋਟ, 22 ਅਕਤੂਬਰ, (ਚਮਕੌਰ ਸਿੰਘ ਦਿਓਲ) ਪੁਲਿਸ ਥਾਣਾ ਸਿਟੀ ਅਧੀਨ ਪੈਂਦੇ ਪਿੰਡ ਗੋਂਦਵਾਲ ਵਿਕੇ ਬੀਤੀ ਰਾਤ ਪੁਲਿਸ ਅਤੇ ਇੱਕ ਹਥਿਆਰਬੰਦ ਵਿਅਕਤੀ ਦਰਮਿਆਨ ਮੁਕਾਬਲੇ ਤੋਂ ਬਾਅਦ ਸਿਟੀ ਪੁਲਿਸ ਨੇ ਕਈ ਮਾਮਲਿਆਂ ਵਿੱਚ ਲੋੜੀਂਦੇ ਇੱਕ ਕਥਿਤ ਦੋਸ਼ੀ ਵਿਅਕਤੀ ਨੂੰ ਇੱਕ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਗੋਂਦਵਾਲ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਨੇ ਥਾਣਾ ਮੁਖੀ ਸੁਖਮਿੰਦਰ ਸਿੰਘ ਨੂੰ ਫੋਨ ਤੇ ਸੂਚਨਾਂ ਦਿੱਤੀ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਵਿਅਕਤੀ ਨਿਰਮਲ ਸਿੰਘ ਪੁੱਤਰ ਸੱਜਣ ਸਿੰਘ ਨੂੰ ਕਿਸੇ ਵਿਅਕਤੀ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਹੈ, ਜਿਸਨੂੰ ਕਿ ਰਾਏਕੋਟ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਸੂਚਨਾਂ ਤੇ ਡੀ.ਐਸ.ਪੀ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੌਕਾ ਵਾਰਦਾਤ ਦਾ ਦੌਰੀ ਕੀਤਾ ਤਾਂ ਪਤਾ ਲੱਗਾ ਕਿ ਇੱਕ ਹਥਿਆਰਬੰਦ ਵਿਅਕਤੀ ਖੇਤਾਂ ਵਿੱਚ ਇੱਕ ਕੰਧ ਦੀ ਆੜ੍ਹ ਲੈ ਕੇ ਫਾਈਰਿੰਗ ਕਰ ਰਿਹਾ ਹੈ, ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਹਥਿਆਰ ਸੁੱਟ ਕੇ ਬਾਹਰ ਆਉਣ ਲਈ ਕਿਹਾ ਤਾਂ ਉਕਤ ਵਿਅਕਤੀ ਨੇ ਪੁਲਿਸ ਟੀਮ ਤੇ ਵੀ ਫਾਇਰ ਕਰ ਦਿੱਤੇ, ਜਿਸ ਤੋਂ ਪੁਲਿਸ ਟੀਮ ਦੇ ਮੈਂਬਰ ਬਾਲ ਬਾਲ ਬਚ ਗਏ। ਜਿਸ ਦੇ ਜਵਾਬ ਵਿੱਚ ਡੀਐਸਪੀ ਸਤਨਾਮ ਸਿੰਘ ਵੱਲੋਂ ਵੀ ਹਵਾਈ ਫਾਈਰਿੰਗ ਕੀਤੀ ਗਈ ਲਗਭਗ ਇੱਕ ਘੰਟੇ ਦੀ ਮੁਸ਼ੱਕਤ ਪਿੱਛੋ ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਡੀ.ਐਸ.ਪੀ ਸਤਨਾਮ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਉਕਤ ਵਿਅਕਤੀ ਦੀ ਪਛਾਣ ਹਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਾਣੂੰਕੇ ਵਜ਼ੋਂ ਹੋਈ ਹੈ ਅਤੇ ਉਸ ਵਿਅਕਤੀ ਤੇ ਪਹਿਲਾਂ ਵੀ ਕਈ ਗੰਭੀਰ ਦੋਸ਼ਾਂ ਤਹਿਤ ਦਰਜ਼ਨ ਤੋਂ ਵੱਧ ਮੁੱਕਦਮੇ ਸੂਬੇ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਜਖਮੀ ਨਿਰਮਲ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਹਮਲਾਵਰ ਵਿਅਕਤੀ ਪਿੰਡ ਗੋਂਦਵਾਲ ਵਿਖੇ ਸੋਹਣ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਵਿਖੇ ਪਿਛਲੇ ਇੱਕ ਦੋ ਦਿਨਾਂ ਤੋਂ ਰਹਿ ਰਿਹਾ ਸੀ ਅਤੇ ਬੀਤੇ ਕੱਲ੍ਹ ਇਸਦੀ ਸੋਹਣ ਸਿੰਘ ਨਾਲ ਕਿਸੇ ਗੱਲ ਤੇ ਕਿਹਾ ਸੁਣੀ ਹੋ ਗਈ, ਜਿਸ ਤੇ ਉਕਤ ਵਿਅਕਤੀ ਨਿਰਮਲ ਸਿੰਘ ਪੁੱਤਰ ਸੱਜਣ ਸਿੰਘ ਦੀ ਮੋਟਰ ਤੇ ਚਲਾ ਗਿਆ, ਜਦ ਉੱਥੇ ਨਿਰਮਲ ਸਿੰਘ ਨੇ ਇਸਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ, ਜਿਸਦਾ ਕਿ ਇਲਾਜ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਡੀ.ਐਸ.ਪੀ ਨੇ ਦੱਸਿਆ ਕਿ ਫੜ੍ਹੇ ਗਏ ਉਕਤ ਵਿਅਕਤੀ ਪਾਸੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਵੱਖ ਵੱਖ ਦੋ ਮੁਕੱਦਮੇ ਦਰਜ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਮੁਕੱਦਮਾ ਨੰਬਰ 74 ਪੁਲਿਸ ਪਾਰਟੀ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਮੁਖੀ ਦੇ ਬਿਆਨਾਂ ਤੇ ਧਾਰਾ 307, 353, 186 ਅਤੇ 25, 54, 59 ਆਰਮਜ਼ ਐਕਟ ਅਤੇ ਮੁਕੱਦਮਾ ਨੰਬਰ 75 ਨਿਰਮਲ ਸਿੰਘ ਦੇ ਬਿਆਨਾਂ ਤੇ ਭਾਰਤੀ ਦੰਡਾਵਲੀ ਦੀ ਧਾਰਾ307 ਅਤੇ 25,54,59 ਆਰਮਜ ਐਕਟ ਤਹਿਤ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀ ਦਾ ਪੁਲਿਸ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਵਿੱਚ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।