ਪੀਏਯੂ ਵੱਲੋਂ ‘ਪੀਏਯੂ ਸੁਪਰ ਐਸ ਐਮ ਐਸ’ ਨੂੰ ਵਪਾਰਕ ਬਨਾਉਣ ਲਈ ਸਮਝੌਤਾ

ਲੁਧਿਆਣਾ 10 ਅਗਸਤ – ਪੀਏਯੂ ਲੁਧਿਆਣਾ ‘ਪੀਏਯੂ ਸੁਪਰ ਐਸ ਐਮ ਐਸ’ ਤਕਨੀਕ ਨੂੰ ਵਪਾਰਕ ਤੌਰ ਤੇ ਪ੍ਰਦਾਨ ਕਰਨ ਲਈ ਫਿਰੋਜ਼ਪੁਰ ਦੇ ਜੀਵਾ ਆਰਿਨ ਪਿੰਡ ਦੀ ਇੰਡੋ ਟੈਕ ਐਗਰੋ ਵਰਕਸ ਨਾਲ ਸੰਧੀ ਕਲਮਬੱਧ ਕੀਤੀ ਗਈ । ਪੀਏਯੂ ਵੱਲੋਂ ਡਾ. ਨਵਤੇਜ ਸਿੰਘ ਬੈਂਸ ਅਤੇ ਇੰਡੋ ਟੈਕ ਐਗਰੋ ਵਰਕਸ ਵੱਲੋਂ ਉਹਨਾਂ ਦੇ ਪ੍ਰਤੀਨਿਧ ਵੱਲੋਂ ਇਸ ਸੰਧੀ ਤੇ ਸਾਈਨ ਕੀਤੇ ਗਏ । ਡਾ. ਮਨਜੀਤ ਸਿੰਘ, ਮੁਖੀ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਦੱਸਿਆ ਕਿ ‘ਪੀਏਯੂ ਸੁਪਰ ਐਸ ਐਮ ਐਸ’ ਫ਼ਸਲ ਕੱਟਣ ਵਾਲੀ ਮਸ਼ੀਨ ਦਾ ਇਕ ਵਚਿੱਤਰ ਹਿੱਸਾ ਹੈ ਜੋ ਕਿ ਝੋਨੇ ਦੀ ਵਾਢੀ ਵੇਲੇ ਝੋਨੇ ਦੀ ਪਰਾਲੀ ਨੂੰ ਕੱਟ ਕੇ ਉਸਦੇ ਟੁਕੜੇ ਕਰਕੇ ਉਸਨੂੰ ਇੱਕੋ ਜਿਹਾ ਕਰਕੇ ਵਿਛਾ ਦਿੰਦਾ ਹੈ । ਇਹ ਮਸ਼ੀਨ ਦੂਸਰੀਆਂ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ (ਜਿਵੇਂ ਕਿ ਹੈਪੀਸੀਡਰ, ਨੋ ਟਿੱਲ ਡਰਿੱਲ, ਚੌੜਾ ਹੱਲ ਆਦਿ) ਦੇ ਮੁਕਾਬਲੇ ਕੰਮ ਨੂੰ ਸਰਲ ਕਰੇਗੀ ਜੋ ਕਿ ਅੰਤ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਠੱਲ ਪਾਵੇਗੀ ਅਤੇ ਮਿੱਟੀ ਦੀ ਉਤਪਾਦਨ ਸ਼ਕਤੀ ਨੂੰ ਵਧਾਏਗੀ ਅਤੇ ਇਸ ਨਾਲ ਪਰਾਲੀ ਵੀ ਆਪਣੇ ਆਪ ਸੰਭਾਲੀ ਜਾਵੇਗੀ ।
ਡਾ. ਐਸ ਐਸ ਚਾਹਲ, ਸੰਯੁਕਤ ਪ੍ਰੋਫੈਸਰ, ਤਕਨੀਕੀ ਅਤੇ ਮੰਡੀਕਰਨ ਸੈਲ, ਪੀਏਯੂ ਨੇ ਦੱਸਿਆ ਕਿ 2012 ਤੋਂ ਲੈਕੇ ਹੁਣ ਤੱਕ ਪੀਏਯੂ ਵੱਲੋਂ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ, ਉਤਪਾਦਨਾਂ ਆਦਿ ਨੂੰ ਵਪਾਰਕ ਕਰਨ ਲਈ 46 ਸੰਧੀਆਂ ਹਸਤਾਖਰ ਹੋ ਚੁੱਕੀਆਂ ਹਨ ।

Send this to a friend