ਨਹਿਰੂ ਯੁਵਾ ਕੇਂਦਰ ਵਲੋਂ ਸਵੱਛਤਾ ਅਭਿਆਨ ਤਹਿਤ ਕਰਵਾਏ ਗਏ ਪੇਂਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ

ਸੈਮਸਨ ਮਸੀਹ ਵਲੋਂ ਨੌਜਵਾਨਾਂ ਨੂੰ ਸਵੱਛ ਭਾਰਤ ਮਿਸ਼ਨ ਨਾਲ ਜੁੜਨ ਦਾ ਸੱਦਾ

ਜਲੰਧਰ 10 ਅਗਸਤ 2017 – ਨਹਿਰੂ ਯੁਵਾ ਕੇਂਦਰ ਜਲੰਧਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਦੀ ਅਗਵਾਈ ਹੇਠ ਅੱਜ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਐਨ.ਵਾਈ.ਵੀ. ਵਿਸ਼ਾਲ ਅਤੇ ਦਵਿੰਦਰ ਕੌਰ ਦੀ ਨਿਗਰਾਨੀ ਹੇਠ ਪੇਂਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਵਲੋਂ ਪੂਰੀ ਦਿਲਚਸਪੀ ਨਾਲ ਹਿੱਸਾ ਲਿਆ ਗਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਅਭਿਆਨ ਦਾ ਲੋਗੋ ਬਣਾ ਕੇ ਸਵੱਛਤਾ ਬਾਰੇ ਜਾਗਰੂਕ ਕੀਤਾ ਗਿਆ। ਸ੍ਰੀ ਸੈਮਸਨ ਮਸੀਹ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਜਲੰਧਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵਲੋਂ ਸਵੱਛ ਭਾਰਤ ਮਿਸ਼ਨ ਅਧੀਨ 01 ਅਗਸਤ ਤੋਂ 15 ਅਗਸਤ ਤੱਕ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਨਹਿਰੂ ਯੁਵਾ ਕੇਂਦਰ ਨਾਲ ਜੁੜੀਆਂ ਯੂਥ ਕਲੱਬਾਂ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆ ਨੂੰ ਸਾਫ਼ ਸੁਥਰੇ ਵਾਤਾਵਰਣ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ।
ਸ੍ਰੀ ਮਸੀਹ ਨੇ ਇਹ ਵੀ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸ਼ਹੀਦਾਂ ਦੇ ਬੁੱਤਾਂ ਦੀ ਸਫ਼ਾਈ, ਗਲੀਆਂ-ਨਾਲੀਆਂ ਅਤੇ ਸੀਵਰੇਜ ,ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਬਾਗਾਂ ਆਦਿ ਦੀ ਸਫ਼ਾਈ ਸਬੰਧੀ ਗਤੀਵਿਧੀਆਂ ਕਰਨ ਤੋਂ ਇਲਾਵਾ ਨੁੱਕੜ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਦਾ ਅਹਿਮ ਹਿੱਸਾ ਬਣਨ ਲਈ
ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਨੇ ਨਹਿਰੂ ਯੁਵਾ ਕੇਂਦਰ ਵਲੋਂ ਉਨਾਂ ਦੇ ਸਕੂਲ ਵਿਚ ਸਵੱਛਤਾ ਅਭਿਆਨ ਤਹਿਤ ਪੇਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਉਣ ’ਤੇ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਉਣ ਦਾ ਸੱਦਾ ਦਿੱਤਾ ਤਾਂ ਜੋ ਵਿਦਿਆਰਥੀ ਇਸ ਅਭਿਆਨ ਸਬੰਧੀ ਵੱਧ ਤੋਂ
ਵੱਧ ਜਾਗਰੂਕ ਹੋ ਸਕਣ। ਅੱਜ ਕਰਵਾਏ ਗਏ ਮੁਕਾਬਲਿਆਂ ਵਿੱਚ ਕਿਰਨ ਨੇ ਪਹਿਲਾ, ਤਮੰਨਾ ਨੇ ਦੂਜਾ ਅਤੇ ਵਰਸ਼ਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਇਕਬਾਲ ਸਿੰਘ, ਅਧਿਆਪਕਾ ਦੀਕਸ਼ਾ, ਅੰਜੂ, ਦਿਪੀਕਾ ਗੋਲਡੀ, ਨਵਜੀਤ, ਨੀਤੀ ਉਪਾਸਨਾ ਵੀ ਹਾਜ਼ਰ ਸਨ।

Send this to a friend