ਗਊ ਸੰਭਾਲ ਲਈ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ
ਜਲੰਧਰ, 10 ਅਗਸਤ, – ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਆਉਂਦੇ ਚਾਰ ਮਹੀਨਿਆਂ ਵਿੱਚ 1.10 ਲੱਖ ਬੇਸਹਾਰਾ ਗਊ ਧੰਨ ਦੀ ਸਾਂਭ-ਸੰਭਾਲ ਦੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਸੂਬੇ ਭਰ ਵਿੱਚ ਗਊ-ਸ਼ਾਲਾਵਾਂ ਦੀ ਉਸਾਰੀ ਸਬੰਧੀ ਬੋਲਦਿਆਂ ਚੇਅਰਮੈਨ ਸ੍ਰੀ ਭਗਤ ਨੇ ਕਿਹਾ ਕਿ ਬੇਸਹਾਰਾ ਪਸ਼ੂ ਧੰਨ ਦੀ ਸਾਂਭ ਸੰਭਾਲ ਲਈ ਸਾਰੇ ਜ਼ਿਲ੍ਹਿਆਂ ਵਿੱਚ ਗਊ ਸ਼ਾਲਾਵਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਸਹਾਰਾ ਪਸ਼ੂ ਧੰਨ ਕਾਰਨ ਵਾਪਰੇ ਹਾਦਸਿਆਂ ਨਾਲ ਪਿਛਲੇ ਇਕ ਸਾਲ ਵਿੱਚ 290 ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਮਿਸ਼ਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਵੱਲੋਂ ਗਊ ਸੇਵਾ ਕਰ ਦੇ ਤੌਰ ‘ਤੇ ਵਸੂਲੇ ਗਏ ਦੋ ਕਰੋੜ ਰੁਪਏ ਵੀ ਜਲੰਧਰ, ਬਾਘਾ ਪੁਰਾਣਾ, ਬਨੂੜ, ਬਠਿੰਡਾ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਸਥਾਨਕ ਨਗਰ ਨਿਗਮਾਂ ਅਤੇ ਕੌਂਸਲਾਂ ਨੂੰ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰੀ ਖੇਤਰ ਵਿੱਚ ਚੱਲ ਰਹੀਆਂ ਡੇਅਰੀਆਂ ਵਿਰੁੱਧ ਸਖਤ ਕਾਰਵਾਈ ਕਰਨ। ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਗਊ ਸੰਭਾਲ ਲਈ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਸ਼ਾਹਕੋਟ ਨੇੜੇ ਕੰਨੀਆਂ ਕਲਾਂ ਵਿਖੇ ਉਸਾਰੀ ਗਈ ਗਊਸ਼ਾਲਾ ਦੇ ਮਾਡਲ ਨੂੰ ਸਾਰੇ ਸੂਬੇ ਵਿੱਚ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਰਮਾ ਵੱਲੋਂ ਮਾਨਸਾ ਵਿਖੇ ਨਮੂਨੇ ਦੀ ਗਊਸ਼ਾਲਾ ਦੀ ਉਸਾਰੀ ਕਰਵਾਈ ਗਈ ਸੀ। ਇਸ ਤੋਂ ਪਹਿਲਾਂ ਐਸ.ਡੀ.ਐਮ. ਸ਼ਾਹਕੋਟ ਨਵਨੀਤ ਕੌਰ ਬੱਲ ਨੇ ਕਿਹਾ ਕਿ ਕੰਨੀਆਂ ਕਲਾਂ ਗਊਸ਼ਾਲਾ ਵਿਖੇ ਨਵੇਂ ਸ਼ੈ¤ਡ ਦੀ ਉਸਾਰੀ ਇਕ ਮਹੀਨੇ ਦੌਰਾਨ ਕਰ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੇ ਸੁਚੱਜੇ ਪ੍ਰਬੰਧਾਂ ਲਈ ਇਕ ਕਮੇਟੀ ਦਾ ਪਹਿਲਾਂ ਹੀ ਗਠਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਐਸ.ਡੀ.ਐਮ ਨਵਨੀਤ ਕੌਰ ਬੱਲ,ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦਲਜੀਤ ਕੌਰ, ਸਹਾਇਕ ਕਮਿਸ਼ਨਰ ਪੁਲੀਸ ਮਨਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਇਕਬਾਲ ਸਿੰਘ ਵੀ ਹਾਜ਼ਰ ਸਨ।