June 23, 2026 12:54 am

ਝੋਨੇ ਦੀ ਖਰੀਦ ਨਾ ਹੋਣ ‘ਤੇ ਕਿਸਾਨਾਂ ਦੇ ਹੱਕ ‘ਚ ਕਾਂਗਰਸ ਵੱਲੋਂ ਘੁਮਾਣ ਵਿਖੇ ਜ਼ਬਰਦਸਤ ਰੋਸ ਧਰਨਾ

ਬਟਾਲਾ/ਘੁਮਾਣ, 22 ਅਕਤੂਬਰ (ਪ੍ਰਿੰਸਪਾਲ ਸਿੰਘ ਚੀਮਾ, ਚਰਨਜੀਤ ਸਿੰਘ ਚੀਮਾ)-ਝੋਨੇ ਦੀ ਖਰੀਦ ਨਾ ਕਰਦਿਆਂ ਪੰਜਾਬ ਸਰਕਾਰ ਦੀ ਸ਼ਹਿ ‘ਤੇ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਝੋਨੇ ਦਾ ਸਮਰਥਨ ਮੁੱਲ ਤੋਂ ਘਟ ਕੀਮਤ ‘ਤੇ ਕਿਸਾਨਾਂ ਦੀ ਹੋ ਰਹੀ ਲੁਟ ਖ਼ਿਲਾਫ਼ ਲੋਕਾਂ ਵਿੱਚ ਰੋਸ ਵੱਧ ਦਾ ਜਾ ਰਿਹਾ ਹੈ। ਕਿਸਾਨਾਂ ਦੀ ਲੁਟ ਖਤਮ ਕਰਕੇ ਸਰਕਾਰ ਨੂੰ ਸਹੀ ਕੀਮਤ ‘ਤੇ ਝੋਨੇ ਦੀ ਖਰੀਦ ਯਕੀਨੀ ਬਣਾਉਣ  ਲਈ ਕਾਂਗਰਸ ਪਾਰਟੀ ਵੱਲੋਂ ਸਰਕਾਰ ਨੂੰ ਦਿੱਤੇ ਗਏ ੪੮ ਘੰਟਿਆਂ ਦਾ ਅਲਟੀਮੇਟਮ ਖਤਮ ਹੁੰਦਿਆਂ ਹੀ ਅੱਜ ਕਸਬਾ ਘੁਮਾਣ ਦੇ ਮੇਨ ਚੌਕ ਵਿਖੇ ਕਾਂਗਰਸ ਪਾਰਟੀ ਨੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਿਸਾਨਾਂ ਦੇ ਹੱਕ ਵਿੱਚ ‘ਚ ਇੱਕ ਜ਼ਬਰਦਸਤ ਰੋਸ ਧਰਨਾ ਮਾਰ ਕੇ 5 ਘੰਟੇ ਸੜਕ ਜਾਮ ਕਰ ਦਿੱਤਾ ਗਿਆ।ਜਿਸ ਕਾਰਨ ਪ੍ਰਸ਼ਾਸਨ ਵੱਲੋਂ ਰਾਹਗੀਰਾਂ ਲਈ ਬਦਲਵਾਂ ਪ੍ਰਬੰਧ ਕਰਨਾ ਪਿਆ। ਇਸ ਮੌਕੇ ਪੁਲੀਸ ਦੀ ਭਾਰੀ ਗਿਣਤੀ ਦੇ ਮੌਜੂਦ ਹੋਣ ਦੇ ਬਾਵਜੂਦ ਕਾਂਗਰਸੀ ਵਰਕਰਾਂ ਦਾ ਰੋਸ ਦੇਖਿਆਂ ਹੀ ਬਣਦਾ ਸੀ। ਉਨ੍ਹਾਂ ਬਾਦਲ ਸਰਕਾਰ ਮੁਰਦਾਬਾਦ, ਹਲਕਾ ਵਿਧਾਇਕ ਧੁੱਗਾ ਮੁਰਦਾਬਾਦ ਦੇ ਨਾਅਰੇ ਲਗਾਏ।
kisan
ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਫ਼ਤਿਹ ਜੰਗ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਦੀ ਸ਼ਹਿ ‘ਤੇ ਕਿਸਾਨਾਂ ਨੂੰ ਉਹਨਾਂ ਦਾ ਬਣ ਦਾ ਹੱਕ ਅਤੇ ਜਿਨਸ ਦੀ ਕੀਮਤ ਨਹੀਂ ਮਿਲ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਤਰਫ਼ ਕੁਦਰਤ ਦੀ ਕਰੋਪੀ ਕਾਰਨ ਵੱਡੀ ਮਾਤਰਾ ਵਿੱਚ ਝੋਨੇ ਦੀ ਬਰਬਾਦੀ ਸਹਿਣੀ ਪਈ ਤੇ ਬਾਕੀ ਰਹਿੰਦ ਖੂਹਦੀ ਕਸਰ ਬਾਦਲ ਸਰਕਾਰ ਨੇ ਝੋਨਾ ਮੰਡੀਆਂ ਵਿੱਚ ਰੋਲ ਕੇ ਕੱਢ ਦਿੱਤੀ ਹੈ। ਉਨ੍ਹਾਂ ਝੋਨੇ ‘ਤੇ 100 ਰੁਪਏ ਕੁਵਿੰਟਲ ਬੋਨਸ ਦੀ ਮੰਗ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ।
ਫ਼ਤਿਹ ਬਾਜਵਾ ਨੇ ਜਜ਼ਬਾਤੀ ਰੌਂਅ ‘ਚ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਖੂਨ ਪਸੀਨਾ ਵਹਾ ਕੇ ਪੁੱਤਾਂ ਵਾਂਗ ਪਾਲਿਆ ਹੋਇਆ ਝੋਨਾ ਮੰਡੀਆਂ ਵਿੱਚ ਲਿਆਂਦਾ ਜਾਂਦਾ ਹੈ ਤਾਂ ਮੰਡੀ ਮਾਫੀਆ ਇਸ ਨੂੰ ਨਫ਼ਰਤ ਦੀਆਂ ਨਿਗਾਹਾਂ ਨੇ ਦੇਖ ਦੇ ਹਨ ਅਤੇ ਕਿਸੇ ਨਾ ਕਿਸੇ ਬਹਾਨੇ ਜਿਨਸ ਦਾ ਬਣਦਾ ਮੁੱਲ ਦੇਣ ਦੀ ਥਾਂ ਅੱਧੀ ਕੀਮਤ ‘ਤੇ ਖਰੀਦ ਕੇ ਕਿਸਾਨ ਨੂੰ ਲੁੱਟ ਲਿਆ ਜਾਂਦਾ ਹੈ ਤਾਂ ਉਸ ਵਕਤ ਕਿਸਾਨ ਦੀ ਮਨੋਂ ਦਸ਼ਾ ਦਾ ਅੰਦਾਜ਼ਾ ਇੱਕ ਕਿਸਾਨ ਤੋਂ ਇਲਾਵਾ ਹੋਰ ਕੌਣ ਲਗਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਜੇ ਹੁਣ ਵੀ ਨਾ ਜਾਗੀ ਤਾਂ ਅਗਲਾ ਐਕਸ਼ਨ ਪ੍ਰੋਗਰਾਮ ਛੇਤੀ ਹੀ ਉਲੀਕਲਿਆ ਜਾਵੇਗਾ।  ਕਾਂਗਰਸੀ ਆਗੂ ਨੇ ਬਾਦਲ ਸਰਕਾਰ ਵੱਲੋਂ ਝੋਨੇ ਦੀ ਖਰੀਦ ਨਾ ਕਰ ਕੇ ਕੀਤੀ ਜਾ ਰਹੀ ਲੁੱਟ ਤੇ ਬੇਕਦਰੀ ਨੂੰ ਸਹਿ ਕੇ ਖੂਨ ਦੇ ਹੰਝੂ ਵਹਾਉਣ ਦੀ ਥਾਂ ਲੋਕ ਮਾਰੂ ਬਾਦਲ ਸਰਕਾਰ ਖ਼ਿਲਾਫ਼ ਡੱਟ ਜਾਣ ਦਾ ਸਦਾ ਦਿੱਤਾ। ਉਹਨਾਂ ਕਿਹਾ ਕਿ ਜੇ ਬਾਦਲ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹਲ ਨਹੀਂ ਕੱਢ ਸਕਦੀ ਤਾਂ ਉਸ ਨੂੰ ਸਤਾ ਵਿੱਚ ਬਣੇ ਰਹਿਣ ਦਾ ਵੀ ਕੋਈ ਹੱਕ ਨਹੀਂ। ਫ਼ਤਿਹ ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਕਿਸਾਨਾਂ ਦੇ ਮੁਨਾਫ਼ੇ ਵਿੱਚ ਭਾਰੀ ਕਮੀ ਲਿਆਂ ਦੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਖੇਤੀ ਪ੍ਰਤੀ ਉਦਾਸੀਨਤਾ ਪਾਈ ਜਾ ਰਹੀ ਹੈ । ਲੰਮੇ ਸਮੇਂ ਤੋਂ ਦੇਸ਼ ਨੂੰ ਅਨਾਜ ਸੁਰੱਖਿਆ ਮੁਹੱਈਆ ਕਰ ਰਹੇ ਪੰਜਾਬ ਦੀ ਖੇਤੀ ਵਿਕਾਸ ਦਰ ਮੱਧ ਪ੍ਰਦੇਸ਼ ਦੇ 7.6 ਫੀਸਦੀ ਦੇ ਮੁਕਾਬਲੇ  1.6 ਫੀਸਦੀ ਨਾਲ 20 ਰਾਜਾਂ ਦੀ ਸੂਚੀ ਵਿੱਚ 18ਵੇਂ ਨੰਬਰ ‘ਤੇ ਪਹੁੰਚ ਜਾਣਾ ਦੇਸ਼ ਲਈ ਖ਼ਤਰੇ ਦੀ ਘੰਟੀ ਹੈ।  ਉਨ੍ਹਾਂ ਬਾਦਲ ਸਰਕਾਰ ‘ਤੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲਾਂ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਚੋਣ ਵਾਅਦੇ ਹਵਾ ਹੋਚੁਕੇ ਹਨ। ਕਿਸਾਨੀ ਦਾ ਏਜੰਡਾ ਅੱਜ ਬਾਦਲਾਂ ਨੇ ਵਿਸਾਰ ਦਿੱਤਾ ਹੈ।  ਖੇਤੀ ਮੰਡੀਕਰਨ ਦੀਆਂ ਸਹੂਲਤਾਂ ਦਾ ਵਿਆਪਕ ਆਧੁਨਿਕੀਕਰਨ ਕੀਤੇ ਜਾਣ ਦੀ ਥਾਂ ਮੰਡੀਆਂ ਵਿੱਚ ਮੰਡੀ ਮਾਫੀਆ ਦਾ ਰਾਜ ਹੈ।  ਖੇਤੀ ਵਿੱਚ ਜਨਤਕ ਨਿਵੇਸ਼ ਵਧਾਉਣ ਲਈ ਕੰਮ ਕਰਨਾ ਅਤੇ ਤਕਨੀਕੀ ਨਵੀਨਤਾ ਨਾਲ ਪੈਦਾਵਾਰ ਵਧਾਉਣ ਦੀਆਂ ਗੱਲਾਂ ਅੱਜ ਫੋਕੀਆਂ ਸਿੱਧ ਹੋਈਆਂ ਹਨ। ਅੱਜ ਖੇਤੀ ਕਰਜ਼ਾ ਮੁਆਫ਼ ਕਰਨਾ ਅਤੇ ਉਦਯੋਗਿਕ ਕਰਜ਼ਿਆਂ ਦੀ ਤਰਜ਼ ਤੇ ਕਿਸਾਨੀ ਕਰਜ਼ਿਆਂ ਨੂੰ ਵਨ ਟਾਈਮ ਸੈਟਲਮੈਂਟ ਬਾਰੇ ਸੋਚਿਆ ਜਾ ਰਿਹਾ ਹੈ। ਨਾ ਹੀ ਕੇਂਦਰ ਸਰਕਾਰ ਦੀ ਖੇਤੀ ਸੈਕਟਰ ਲਈ ਵਿਸ਼ੇਸ਼ ਫਸਲੀ ਬੀਮਾ ਸਕੀਮ ਪੰਜਾਬ ਵਿੱਚ ਵੀ ਲਾਗੂ ਕਰ ਸਕੀ ਹੈ। ਉਹਨਾਂ ਬਾਦਲਾਂ ਨੂੰ ਸਵਾਲ ਕੀਤਾ ਕਿ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲੇ ਪੀੜਤ ਕਿਸਾਨ ਪਰਿਵਾਰਾਂ ਨੂੰ 2 ਲਖ ਰੁਪਏ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਨੀਤੀ ਨੂੰ ਦੁਖਦਾਈ ਪਰ ਨੈਤਿਕ ਜ਼ਿੰਮੇਵਾਰੀ ਸਮਝਣ ਵਾਲੇ ਅੱਜ ਕਿੱਥੇ ਹਨ। ਉਹਨਾਂ ਕਿਸਾਨ ਮਾਰੂ ਬਾਦਲ ਸਰਕਾਰ ਨੂੰ ਚਲਦਾ ਕਰਨ ਲਈ ਕਿਸਾਨਾਂ ਨੂੰ ਕਾਂਗਰਸ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸਦਾ ਦਿੱਤਾ। ਇਸ ਮੌਕੇ ਧਰਨੇ ਨੂੰ ਬਲਵਿੰਦਰ ਸਿੰਘ ਲਾਡੀ, ਸਾਹਿਬ ਸਿੰਘ ਮੰਡ, ਭੁਪਿੰਦਰਪਾਲ ਸਿੰਘ ਵਿੱਟੀ, ਉਜਲਦੀਦਾਰ ਸਿੰਘ ਔਲਖ, ਹਰਜਿੰਦਰ ਸਿੰਘ ਜੱਜ, ਮੇਜਰ ਸਿੰਘ ਵੀਲਾ ਬਜੂ, ਜਗੀਰ ਸਿੰਘ ਦਕੋਹਾ, ਬਲਦੇਵ ਸਿੰਘ ਚੌਲ ਚੱਕ, ਰਤਨ ਸਿੰਘ ਵੀਲਾ ਬਜੂ, ਗੁਰਭੇਜ ਸਿੰਘ ਘੁਮਾਣ,ਨਰਿੰਦਰ ਸਿੰਘ ਨਿੰਦੀ ਘੁਮਾਣ,  ਹਿਰਦੇ ਪਾਲ ਸਿੰਘ ਚੌਧਰੀ ਵਾਲ, ਬਲਵੀਰ ਸਿੰਘ ਘੁਮਾਣ, ਸੁਖਵਿੰਦਰ ਸਿੰਘ ਮਲੋ ਵਾਲੀ, ਬਲਜੀਤ ਸਿੰਘ ਸੈਲਰਵਾਲੇ, ਜਗੀਰ ਸਿੰਘ ਭੋਮਾ, ਭਰਿਥੀਪਾਲ ਸਿੰਘ , ਨਰੇਸ਼ ਕੁਮਾਰ ਟੀਟੂ, ਗੁਰਮੀਤ ਸਿੰਘ ਲੱਕੀ ਭੁਪਿੰਦਰ ਸਿੰਘ ਸਦਾਰੰਗ, ਲਖਬੀਰ ਸਿੰਘ ਰਾਜੂ, ਦਲਬੀਰ ਸਿੰਘ, ਸੁਖਰਾਜ ਸਿੰਘ, ਪ੍ਰਮਜੀਤ ਸਿੰਘ ਪੰਜਗਰਾਈਆਂ, ਕਸ਼ਮੀਰ ਸਿੰਘ ਮਲੋ ਵਾਲੀ, ਅਵਤਾਰ ਸਿੰਘ ਮੀਕੇ ਸਰਪੰਚ, ਜਸਵੰਤ ਸਿੰਘ ਖਜਾਲਾ, ਬਲਬੀਰ ਸਿੰਘ ਘੁਮਾਣ, ਬਲਜੀਤ ਸਿੰਘ ਘੁਮਾਣ , ਹਰਦੇਵ ਸਿੰਘ ਬਦੋਵਾਲ , ਕੇਵਲ ਸਿੰਘ ਮਾਮਨਵਾਲ , ਜਗੀਰ ਸਿੰਘ ਪੱਡਾ ਕਰਨੈਲ ਸਿੰਘ ਖੋਖਰ ਵਾਲ ਆਦਿ ਵੀ ਮੌਜੂਦ ਸਨ।

Send this to a friend