ਨੰਗਲ ਵਿੱਚ ਤਹਿਸੀਲਦਾਰ ਡੀ.ਪੀ. ਪਾਂਡੇ ਲਹਿਰਾਉਣਗੇ ਰਾਸ਼ਟਰੀ ਝੰਡਾ।

ਸਭਿਆਚਾਰਕ ਪ੍ਰੋਗਰਾਮ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ-ਸੁਧੀਰ ਕੁਮਾਰ ਸ਼ਰਮਾ।
ਨੰਗਲ 9 ਅਗਸਤ – 71ਵਾਂ ਆਜ਼ਾਦੀ ਦਿਵਸ ਸਮਾਰੌਹ 15 ਅਗਸਤ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਵਿੱਚ ਮਨਾਇਆ ਜਾਵੇਗਾ। ਜਿੱਥੇ ਤਹਿਸੀਲਦਾਰ ਡੀ.ਪੀ. ਪਾਂਡੇ ਰਾਸ਼ਟਰੀ ਝੰਡਾ ਲਹਿਰਾਉਂਣਗੇ। ਇਹ ਜਾਣਕਾਰੀ ਨਾਇਬ ਤਹਿਸੀਲਦਾਰ ਜੌਗਿੰਦਰ ਸਿੰਘ ਨੇ ਅੱਜ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਵਿੱਚ ਸਭਿਆਚਾਰਕ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ਦੀ ਰਿਹਰਸਲ ਉਪਰੰਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਅਧਿਆਪਕ ਸ੍ਰੀ ਸੁਧੀਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਨਾਲ ਸੰਬੰਧਤ ਸਭਿਆਚਾਰਕ ਪ੍ਰੋਗਰਾਮ ਲਈ ਭਾਰੀ ਉਤਸ਼ਾਹ ਹੈ। ਵਿਦਿਆਰਥੀ ਕਈ ਦਿਨਾਂ ਤੋਂ ਭਰਪੂਰ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਇੰਚਾਰਜ ਵੀ ਲਗਾਤਾਰ ਇਨ੍ਹਾਂ ਸਭਿਆਚਾਰਕ ਪ੍ਰੋਗਰਾਮਾਂ ਦੀਆਂ ਤਿਆਰੀਆਂ ਕਰਵਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਰੇਡ ਕਮਾਂਡਰ ਵਿਜੇ ਸਿੰਘ ਐਨ.ਸੀ.ਸੀ. ਨੇਬਲ ਵਿੰਗ ਅਤੇ ਅਮਿਤ ਖੰਨਾ ਵੱਲੋਂ ਪਰੇਡ ਦੀ ਤਿਆਰੀ ਕਰਵਾਈ ਜਾ ਰਹੀ ਹੈ। ਜਦੋਂ ਕਿ ਸੁਰਜੀਤ ਕੌਰ ਪੀ.ਟੀ. ਸ਼ੋਅ ਦੀ ਤਿਆਰੀ ਕਰਵਾ ਰਹੇ ਹਨ। ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰਜਿੰਦਰ ਕੌਰ ਵੱਲੋਂ ਭੰਗੜਾ ਟੀਮਾਂ ਨੂੰ ਵੀ ਤਿਆਰੀ ਕਰਵਾਈ ਜਾ ਰਹੀ ਹੈ। ਸੁਧੀਰ ਕੁਮਾਰ ਸ਼ਰਮਾ ਨੇ ਦੱਸਿਆ ਕਿ 10 ਅਤੇ 11 ਅਗਸਤ ਨੂੰ ਵੀ ਇਸੇ ਸਥਾਨ ਤੇ ਰਿਹਰਸਲ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨੰਗਲ ਵਿੱਚ ਆਜ਼ਾਦੀ ਦਿਹਾੜੇ ਦਾ ਸਮਾਰੌਹ ਹਰ ਸਾਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਣ ਦੇ ਯਤਨ ਕੀਤੇ ਗਏ ਹਨ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੰਸੀਪਲ ਕਿਰਨ ਸ਼ਰਮਾ, ਕਥੇੜਾ ਤੋਂ ਪ੍ਰਿੰਸੀਪਲ ਪਰਵਿੰਦਰ ਕੌਰ ਦੁਆ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।

 

Send this to a friend