ਯੂਥ ਅਕਾਲੀ ਆਗੂ ਦੁੱਗਲ ਦੇ ਘਰ ’ਤੇ ਹਮਲੇ ਦੇ 4 ਦੋਸ਼ੀ ਪੇਸ਼ ਹੋਏ

ਭਦੌੜ, 6 ਅਗਸਤ (ਯੋਗੇਸ਼ ਸ਼ਰਮਾ)- ਥਾਣਾ ਟਲੇਵਾਲ ਪੁਲਿਸ ਕੋਲ ਪਿੰਡ ਬਖਤਗੜ੍ਹ ਵਿਖੇ ਗਡੀ ਭੰਨਣ, ਫਾਇਰ ਕਰਨ ਤੇ ਕੁਟਮਾਰ ਦੇ ਦਰਜ ਕੇਸ ‘ਚ ਚਾਰ ਵਿਅਕਤੀ ਪੇਸ਼ ਹੋਏ ਹਨ, ਜਦ ਕਿ ਇਕ ਵਿਅਕਤੀ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਸ਼ਨਿਚਰਵਾਰ ਨੂੰ ਥਾਣਾ ਟਲੇਵਾਲ ਵਿਖੇ ਐਸਐਚਓ ਕਮਲਜੀਤ ਸਿੰਘ ਗਿਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਕਰੀਬ ਇਕ ਹਫਤਾ ਪਹਿਲਾ ਪਿੰਡ ਬਖਤਗੜ੍ਹ ਵਿਖੇ ਤਰਨਜੀਤ ਸਿੰਘ ਪੁਤਰ ਜਸਵੀਰ ਸਿੰਘ ਵਾਸੀ ਬਖਤਗੜ੍ਹ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਘਰ ਦੇ ਬਾਹਰ ਖੜ੍ਹੀ ਗਡੀ ਦੀ ਭੰਨਤੋੜ ਕਰਨ, ਧਕੇ ਮਾਰਨ ਤੇ ਫਾਇਰ ਕਰਨ ਦਾ ਪਰਚਾ ਦਰਜ ਕੀਤਾ ਸੀ। ਉਨ੍ਹਾਂ ਦਸਿਆ ਕਿ ਇਸ ਕੇਸ ਦੀ ਤਫ਼ਤੀਸ਼ ਪੁਲਿਸ ਚੌਂਕੀ ਪਖੋਂ ਕੈਂਚੀਆਂ ਦੇ ਇੰਚਾਰਜ ਥਾਣੇਦਾਰ ਅਜੀਤ ਸਿੰਘ ਨੇ ਕਰਨ ਤੇ ਪੰਜ ਵਿਅਕਤੀ ਯਾਦਵਿੰਦਰ ਸਿੰਘ ਗਿਆਨੀ ਪੁਤਰ ਜਸਪਾਲ ਸਿੰਘ ਵਾਸੀ ਬਖਤਗੜ੍ਹ, ਸੁਖਜੀਤ ਸਿੰਘ ਵਿਕੀ ਪੁਤਰ ਜਸਵੰਤ ਸਿੰਘ ਪੰਚ ਵਾਸੀ ਸੁਖਪੁਰਾ ਮੌੜ, ਮੰਗਲ ਸਿੰਘ ਉਰਫ ਮੰਗਲ ਮਾਨ ਪੁਤਰ ਹਰਪਾਲ ਸਿੰਘ ਵਾਸੀ ਘੁੜੈਲਾ (ਤਪਾ), ਲਖਵੀਰ ਖਾਨ ਪੁਤਰ ਭੋਲਾ ਖਾਨ ਵਾਸੀ ਚਕ ਬਖਤੂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਤੇ ਜਸਵਿੰਦਰ ਸਿੰਘ ਉਰਫ ਸੋਨਾ ਪੁਤਰ ਬੋਘਾ ਸਿੰਘ ਵਾਸੀ ਭੁਚੋ ਕਲਾਂ ਸਾਹਮਣੇ ਆਏ। ਉਨ੍ਹਾਂ ਦਸਿਆ ਕਿ ਜਸਪਾਲ ਸਿੰਘ ਪੁਤਰ ਬਲਦੇਵ ਸਿੰਘ ਵਾਸੀ ਬਖਤਗੜ੍ਹ ਨੇ ਇਨ੍ਹਾਂ ਪੰਜ ਵਿਅਕਤੀਆਂ ‘ਚੋਂ ਚਾਰ ਵਿਅਕਤੀ ਯਾਦਵਿੰਦਰ ਸਿੰਘ ਗਿਆਨੀ, ਸੁਖਜੀਤ ਸਿੰਘ ਵਿਕੀ, ਮੰਗਲ ਸਿੰਘ ਉਰਫ ਮੰਗਲ ਮਾਨ, ਲਖਵੀਰ ਖਾਨ, 32 ਬੋਰ ਦਾ ਲਾਇਸੰਸੀ ਰਿਵਾਲਵਰ, ਗਡੀ ਦੀ ਭੰਨਤੋੜ ਲਈ ਵਰਤੀਆਂ ਦੋ ਰਾੜ੍ਹਾਂ ਤੇ ਘਟਨਾ ਸਮੇਂ ਵਰਤੀ ਗਈ ਮੰਗਲ ਸਿੰਘ ਦੀ ਸਕੌਡਾ ਰੈਪਿਡ ਗਡੀ ਸਮੇਤ ਨੂੰ ਬਾਹਦ ਪਖੋਕੇ ਨੇੜੇ ਸੂਏ ਦੇ ਪੁਲ ਕੋਲ ਪੁਲਿਸ ਕੋਲ ਪੇਸ਼ ਕੀਤੇ। ਉਨ੍ਹਾਂ ਦਸਿਆ ਕਿ ਮੁਢਲੀ ਜਾਂਚ ‘ਚ ਇਹ ਸਾਹਮਣੇ ਆਇਆ ਕਿ ਯਾਦਵਿੰਦਰ ਸਿੰਘ ਗਿਆਨੀ ਦਾ ਚਾਚਾ ਸਰਪੰਚੀ ਦੀ ਚੋਣ ‘ਚ ਮੁਦਈ ਤਰਨਜੀਤ ਸਿੰਘ ਦੇ ਮੁਕਾਬਲੇ ਖੜ੍ਹਾ ਹੋਇਆ ਸੀ ਤੇ ਤਰਨਜੀਤ ਸਿੰਘ ਚੋਣ ਹਾਰ ਗਿਆ ਸੀ। ਐਸਐਚਓ ਕਮਲਜੀਤ ਸਿੰਘ ਗਿਲ ਨੇ ਦਸਿਆ ਕਿ ਉਕਤ ਵਿਅਕਤੀਆਂ ਨੇ ਜਾਂਚ ਦੌਰਾਨ ਮੰਨਿਆ ਕਿ ਮੁਦਈ ਦੀ ਕੁਟਮਾਰ ਕਰਨ ਦੇ ਇਰਾਦੇ ਨਾਲ ਆਏ ਸਨ, ਪਰ ਮੁਦਈ ਅੰਦਰੋਂ ਬਾਹਰ ਨਾ ਨਿਕਲਣ ਕਰਕੇ ਬਚ ਗਿਆ ਤੇ ਤਿੰਨ ਫਾਇਰ ਕੀਤੇ ਸਨ। ਉਨ੍ਹਾਂ ਦਸਿਆ ਕਿ ਅਗਲੇਰੀ ਕਾਰਵਾਈ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਬਰਨਾਲਾ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਥਾਣੇਦਾਰ ਅਜੀਤ ਸਿੰਘ, ਮੁਖ ਮੁਨਸ਼ੀ ਯਾਦਵਿੰਦਰ ਸਿੰਘ, ਦੀਪਾ ਸਿੰਘ ਆਦਿ ਹਾਜ਼ਰ ਸਨ।

Send this to a friend