June 22, 2026 8:51 pm

ਕੋਇਲਾ ਘੁਟਾਲਾ : ਸੀ.ਬੀ.ਆਈ. ਵੱਲੋਂ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਕੱਲ੍ਹ

ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਕੋਇਲਾ ਘੁਟਾਲੇ ਦੀ ਜਾਂਚ ਵਿੱਚ ਲੱਗੀ ਸੀ.ਬੀ.ਆਈ. ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਜਾਂਚ ਨਾਲ ਸਬੰਧਤ ਸਟੇਟਸ ਰਿਪੋਰਟ ਪੇਸ਼ ਕਰੇਗੀ। ਸੀ.ਬੀ.ਆਈ. ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿੱਚ ਸੀ.ਬੀ.ਆਈ ਹਾਲ ਹੀ ਵਿੱਚ ਉਦਯੋਗਪਤੀ ਕੁਮਾਰਮੰਗਲਮ ਬਿਰਲਾ ਅਤੇ ਸਾਬਕਾ ਕੋਇਲਾ ਸਕੱਤਰ ਪੀ.ਸੀ.ਪਾਰਿਖ ਦੇ ਵਿਰੁੱਧ ਦਰਜ ਕਰਵਾਈ ਐੱਫ. ਆਈ. ਆਰ. ਦੇ ਸਬੰਧ ਵਿੱਚ ਅਦਾਲਤ ਨੂੰ ਜਾਣੂ ਕਰਵਾਏਗੀ। ਇਸੇ ਐੱਫ. ਆਈ. ਆਰ. ਵਿੱਚ ਕਿਸੇ ਸਮਰੱਥ ਅਧਿਕਾਰੀ ਨਾਲ ਹੋਈ ਗੱਲਬਾਤ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਵਿੱਚ ਸੀ.ਬੀ.ਆਈ. ਅਦਾਲਤ ਨੂੰ ਪੂਰੇ ਕੋਇਲਾ ਘੁਟਾਲੇ ਦੇ ਸਬੰਧ ਵਿੱਚ 18 ਅਕਤੂਬਰ ਨੂੰ ਕੀਤੀ ਗਈ ਜਾਂਚ ਬਾਰੇ ਮੁਕੰਮਲ ਜਾਣਕਾਰੀ ਵੀ ਦੇਵੇਗੀ। ਪਿੱਛਲੇ ਹਫਤੇ ਦਾਇਰ ਕੀਤੀ ਗਈ ਐਫ. ਆਈ. ਆਰ. ਵਿੱਚ  ਸੀ.ਬੀ.ਆਈ. ਨੇ ਕਿਹਾ ਕਿ 2005 ਵਿੱਚ ਓਡੀਸ਼ਾ ‘ਚ 2 ਕੋਇਲਾ ਖਾਣਾਂ ਦੀ ਵੰਡ ਗੈਰ-ਕਾਨੂੰਨੀ ਸੀ। ਸੀ.ਬੀ.ਆਈ. ਦੀ ਰਿਪੋਰਟ ਕਹਿੰਦੀ ਹੈ ਕਿ ਪਾਰਿਖ ਨੇ ਬਿਰਲਾ ਗਰੁੱਪ ਦੀ ਕੰਪਨੀ ਹਿੰਡਾਲਕੋ ਨੂੰ ਇਹ ਖਾਣ ਅਲਾਟ ਕੀਤੀ ਸੀ। ਐਫ. ਆਈ. ਆਰ. ਇਹ ਵੀ ਦੱਸਦੀ ਹੈ ਕਿ ਪਾਰਿਖ ਦੇ ਫੈਸਲੇ ਦੀ ਸਮਰੱਥ ਅਧਿਕਾਰੀ ਨੇ ਪੁਸ਼ਟੀ ਕੀਤੀ। ਐਫ. ਆਈ. ਆਰ. ਵਿੱਚ ਨਾਂਅ ਆਉਣ ਤੋਂ ਬਾਅਦ ਸਾਬਕਾ ਕੋਇਲਾ ਸਕੱਤਰ ਪੀ.ਸੀ. ਪਾਰਿਖ ਨੇ ਕਿਹਾ ਕਿ  ਸਮਰੱਥ ਅਧਿਕਾਰੀ ਪ੍ਰਧਾਨ ਮੰਤਰੀ ਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਕਾਂਡ ਵਿੱਚ ਸਮਰੱਥ ਅਧਿਕਾਰੀ ਕੋਇਲਾ ਮੰਤਰੀ ਹੁੰਦਾ ਹੈ ਅਤੇ ਘੁਟਾਲੇ ਦੇ ਸਮੇਂ ਪ੍ਰਧਾਨ ਮੰਤਰੀ ਦੇ ਕੋਲ ਇਹ ਮੰਤਰਾਲਾ ਸੀ ਅਤੇ ਉਹ ਬਤੌਰ ਕੋਇਲਾ ਮੰਤਰੀ ਕੰਮ ਕਰ ਰਹੇ ਸਨ। ਆਪਣੇ ਇੱਕ ਪ੍ਰਗਟਾਵੇ ਵਿੱਚ ਸੀ.ਬੀ.ਆਈ. ਦੇ ਸੂਤਰਾਂ ਨੇ ਦੱਸਿਆ ਸੀ ਕਿ ਇਸ ਪੂਰੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਮੰਗਲਵਾਰ ਨੂੰ ਸੀ.ਬੀ.ਆਈ. ਨੇ ਇਹ ਐਫ. ਆਈ. ਆਰ. ਦਰਜ ਕੀਤੀ ਸੀ। ਇਸ ਐਫ. ਆਈ. ਆਰ. ਦੇ ਦਰਜ ਹੋਣ ਦੇ ਤੁਰੰਤ ਬਾਅਦ ਕੋਇਲਾ ਸਕੱਤਰ ਪਾਰਿਖ ਅਤੇ ਉਦਯੋਗਪਤੀ ਬਿਰਲਾ ਨੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ। ਪਾਰਿਖ ਨੇ ਕਿਹਾ ਕਿ ਕੋਇਲਾ ਮੰਤਰੀ ਹੁੰਦੇ ਹੋਏ ਕੋਇਲਾ ਖਾਣਾਂ ਦੀ ਵੰਡ ਦਾ ਅੰਤਿਮ ਅਧਿਕਾਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਸੀ। ਉਨ੍ਹਾਂ ਨੇ ਸੀ.ਬੀ.ਆਈ. ਨੂੰ ਸੁਆਲ ਕੀਤਾ ਕਿ ਆਖਿਰ ਕਿਉਂ ਐਫ. ਆਈ. ਆਰ. ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਨਾਂਅ ਸਾਜ਼ਿਸ਼ਕਰਤਾ ਦੇ ਸਹਿਯੋਗੀ ਦੇ ਰੂਪ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ?

Send this to a friend