ਜ਼ਮੀਨ ਦੀ ਫਰਦ ਕਢਾਉਣ ਦੇ ਬਦਲੇ ਰਿਸ਼ਵਤ ਲੈਂਦਿਆਂ ਪਟਵਾਰੀ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਕੀਤਾ ਕਾਬੂ

ਬਠਿੰਡਾ, 4 ਅਗਸਤ ਇਕਬਾਲ ਸਿੰਘ)- ਜ਼ਮੀਨ ਦੀ ਫਰਦ ਕਢਾਉਣ ਦੇ ਬਦਲੇ ਰਿਸ਼ਵਤ ਮੰਗਣ ਵਾਲੇ ਪਟਵਾਰੀ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਤੋਂ ਇਲਾਵਾ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਦੇ ਇਕ ਸਹਾਇਕ ਨੂੰ ਵੀ ਮੌਕੇ ’ਤੇ ਕਾਬੂ ਕੀਤਾ ਹੈ। ਸਥਾਨਕ ਸੈਕਟਰੀਏਟ ਵਿਚ ਸਥਿੱਤ ਵਿਜੀਲੈਂਸ ਵਿਭਾਗ ਦੇ ਦਫ਼ਤਰ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਐਸਐਸਪੀ ਵਿਜੀਲੈਂਸ ਜਗਜੀਤ ਸਿੰਘ ਭੁਗਤਾਣਾ ਨੇ ਦੱਸਿਆ ਕਿ ਜਗਤਾਰ ਸਿੰਘ ਵਾਸੀ ਆਕਲੀਆ ਮਿਰਜ਼ਾ ਨੇ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਬੈਂਕ ਤੋਂ ਕਰਜ਼ਾ ਲੈਣ ਲਈ ਜ਼ਮੀਨ ਦੀ ਫਰਦ ਦੀ ਜਰੂਰਤ ਸੀ, ਜਿਸ ਲਈ ਉਸ ਨੇ ਆਕਲੀਆ ਮਿਰਜ਼ਾ ਦੇ ਪਟਵਾਰਖਾਨੇ ਵਿਚ ਪਟਵਾਰੀ ਬਲਦੇਵ ਸਿੰਘ ਨਾਲ ਸੰਪਰਕ ਕੀਤਾ ਸੀ। ਉਕਤ ਪਟਵਾਰੀ ਨੇ ਉਸ ਕੋਲੋਂ ਫਰਦ ਕਢਾਉਣ ਦੇ ਬਦਲੇ 12 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਤੇ ਸੌਦਾ 8 ਹਜ਼ਾਰ ਰੁਪਏ ਵਿਚ ਤੈਅ ਹੋਇਆ ਸੀ। ਮੁੱਦਈ ਦੇ ਦੱਸਣ ਅਨੁਸਾਰ 5 ਹਜ਼ਾਰ ਰੁਪਏ ਉਸ ਨੇ ਪਹਿਲਾਂ ਪਟਵਾਰੀ ਨੂੰ ਦੇ ਦਿੱਤਾ ਤੇ 3 ਹਜ਼ਾਰ ਰੁਪਏ ਫਰਦ ਲੈਣ ਤੋਂ ਬਾਅਦ ਦੇਣਾ ਸੀ। ਪਟਵਾਰੀ ਨੇ ਉਸ ਨੂੰ ਕਿਹਾ ਸੀ ਕਿ ਜਿਸ ਦਿਨ ਫਰਦ ਮਿਲੂਗੀ, ਉਸ ਦਿਨ ਬਾਕੀ ਦੇ ਰੁਪਏ ਉਹ ਉਸ ਦੇ ਸਹਾਇਕ ਜਗਸੀਰ ਸਿੰਘ ਦੇ ਦੇਵੇ। ਪੁਲਸ ਕਪਤਾਨ ਦੇ ਦੱਸਣ ਅਨੁਸਾਰ ਜਗਤਾਰ ਸਿੰਘ ਦੀ ਸ਼ਿਕਾਇਤ ’ਤੇ ਵਿਜੀਲੈਂਸ ਵਿਭਾਗ ਨੇ ਉਕਤ ਪਟਵਾਰੀ ਨੂੰ ਫੜ੍ਹਨ ਲਈ ਅੱਜ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਵਿਚ ਆਕਲੀਆ ਮਿਰਜ਼ਾ ਵਿਖੇ ਟਰੈਪ ਲਗਾਇਆ ਤੇ ਜਦ ਜਗਤਾਰ ਸਿੰਘ ਨੇ ਬਾਕੀ ਦੇ ਤਿੰਨ ਹਜ਼ਾਰ ਰੁਪਏ ਬਲਦੇਵ ਸਿੰਘ ਪਟਵਾਰੀ ਅਤੇ ਉਸ ਦੇ ਸਹਾਇਕ ਜਗਸੀਰ ਸਿੰਘ ਨੂੰ ਦਿੱਤੇ ਤਾਂ ਪੁਲਸ ਨੇ ਦੋਹਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀ ਦੇ ਦੱਸਣ ਅਨੁਸਾਰ ਇਸ ਮੌਕੇ ਵੈਟਰਨਰੀ ਹਸਪਤਾਲ ਰਾਮਾ ਵਿਖੇ ਤਾਇਨਾਤ ਡਾਕਟਰ ਗੁਰਵਿੰਦਰ ਸਿੰਘ ਅਤੇ ਡਾਕਟਰ ਅਨਿਲ ਨਾਮਾ ਵੀ ਮੌਕੇ ’ਤੇ ਮੌਜੂਦ ਸਨ।

Send this to a friend