ਜਲੰਧਰ, 4 ਅਗਸਤ-ਪੰਜਾਬ ਦੇ ਵਾਤਾਵਰਨ ਨੂੰ ਹਰਿਆ ਭਰਿਆ ਬਣਾੳਣ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਸਿੱਝਣ ਲਈ ਹੋ ਰਹੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੰਜਾਬ ਪੁਲੀਸ ਵੱਲੋਂ ਅੱਜ ਛੇ ਜ਼ਿਲ੍ਹਿਆਂ ਵਿੱਚ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਤਾਂ ਜੋ ਵੱਡੇ ਪੱਧਰ ‘ਤੇ ਪੌਦੇ ਲਗਾਏ ਜਾ ਸਕਣ। ਇੰਸਪੈਕਟਰ ਜਨਰਲ ਪੁਲੀਸ ਸ੍ਰੀ ਅਰਪਿਤ ਸ਼ੁਕਲਾ ਵੱਲੋਂ ਜ਼ਿਲ੍ਹਾ ਪੁਲੀਸ ਮੁੱਖੀ ਜਲੰਧਰ ਦਿਹਾਤੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਨਾਲ ਲੈ ਕੇ ਪੁਲੀਸ ਸਟੇਸ਼ਨ ਕਰਤਾਰਪੁਰ ਵਿਖੇ ਪੌਦੇ ਲਗਾਕੇ ਇਸ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਹਿਲੇ ਦਿਨ ਅੱਜ ਜਲੰਧਰ ਪੁਲੀਸ ਰੇਂਜ ਅਧੀਨ ਆਉਂਦੇ ਛੇ ਜ਼ਿਲ੍ਹਿਆਂ ਵਿੱਚ 5000 ਹਜ਼ਾਰ ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਇਨ੍ਹਾਂ ਖੇਤਰਾਂ ਵਿੱਚ ਗਰੀਨ ਕਵਰ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਅੱਜ ਇਹ 5000 ਪੌਦੇ ਪੁਲੀਸ ਥਾਣਿਆਂ, ਚੌਕੀਆਂ ਅਤੇ ਵਿਭਾਗ ਦੇ ਦਫਤਰਾਂ ਵਿੱਚ ਲਗਾਏ ਗਏ ਹਨ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਲਗਾਏ ਗਏ ਇਨ੍ਹਾਂ ਪੌਦਿਆਂ ਦੀ ਦੇਖਭਾਲ ਨੂੰ ਯਕੀਨੀ ਬਣਾਇਆ ਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਦੇ ਨਾਲ-ਨਾਲ ਪੰਜਾਬ ਪੁਲੀਸ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਆਪਣੇ ਸਮਾਜਿਕ ਕਰਤੱਵ ਪ੍ਰਤੀ ਵੀ ਸੁਹਿਰਦਤਾ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ ਇਸ ਮੌਕੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਪੁਲੀਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਪੁਲੀਸ ਵਿਭਾਗ ਨੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਜ਼ਿੰਮੇਵਾਰ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਸਾਡੇ ਸਭ ਦੀ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਮੁਕਤ ਰੱਖਣ ‘ਚ ਯੋਗਦਾਨ ਪਾਉਣ ਲਈ ਹੀ ਵਿਭਾਗ ਵੱਲੋਂ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਐਸ.ਪੀ ਸ੍ਰ ਬਲਕਾਰ ਸਿੰਘ, ਡੀ.ਐਸ.ਪੀ ਸ੍ਰੀ ਬਲਵਿੰਦਰ ਇਕਬਾਲ ਸਿੰਘ ਅਤੇ ਸਰਬਜੀਤ ਸਿੰਘ ਰਾਏ ਹਾਜ਼ਰ ਸਨ।