ਬਟਾਲਾ, 3 ਅਗਸਤ (ਅਰਵਿੰਦਰ ਮਠਾਰੂ, ਰਾਜੂ ਖਹਿਰਾ)- ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਅਖੌਤੀ ‘ਜਬਰ ਵਿਰੋਧੀ ਲਹਿਰ’ ਸਿਰਫ ਰਾਜਨੀਤਿਕ ਡਰਾਮਾ ਹੈ ਜਿਸਨੂੰ ਸੂਬੇ ਦੇ ਲੋਕ ਕਦੀ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਹ ਪ੍ਰਗਟਾਵਾ ਕਰਦਿਆਂ ਕਾਦੀਆਂ ਦੇ ਵਿਧਾਨਕਾਰ ਸ. ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਬਰ ਕਰਨਾ ਸਿਰਫ ਬਾਦਲ ਸਰਕਾਰ ਦੀ ਕਾਰਜ ਪ੍ਰਣਾਲੀ ਦਾ ਹਿੱਸਾ ਸੀ ਅਤੇ ਕਾਂਗਰਸ ਹਮੇਸ਼ਾਂ ਹੀ ਜਮਹੂਰੀ ਸਿਧਾਂਤਾਂ ਅਤੇ ਕਾਨੂੰਨਾਂ ਨੂੰ ਸਖ਼ਤੀ ਨਾਲ ਬਣਾਈ ਰੱਖਣ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਕੀਤੇ ਗਏ ਦੁਰਾਚਾਰ ਇੱਕ ਇੱਕ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਰਹੇ ਹਨ ਜਿਸ ਕਰਕੇ ਅਕਾਲੀ ਨਿਰਾਸ਼ਾ ਦੇ ਵਹਿਣ ਵਿਚ ਵਹਿ ਕੇ ਲੋਕਾਂ ਦਾ ਧਿਆਨ ਲਾਭੇ ਕਰਨ ਲਈ ਸਾਰੇ ਕਿਸਮ ਦੇ ਘਟੀਆ ਦਾਅ-ਪੇਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ. ਬਾਜਵਾ ਨੇ ਕਿਹਾ ਕਿ ਝੂਠੇ ਅਤੇ ਆਧਾਰਹੀਣ ਕੇਸ ਦਰਜ ਕਰਨ ’ਚ ਸਿਰਫ ਬਾਦਲ ਸਰਕਾਰ ਹੀ ਵਿਸ਼ਵਾਸ ਰੱਖਦੀ ਸੀ, ਜਿਸਦਾ ਨਤੀਜਾ ਅਕਾਲੀ ਦਲ ਨੇ ਵਿਧਾਨ ਸਭਾ ਦੀਆਂ ਚੋਣਾਂ ‘ਚ ਦੇਖ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇੱਕ ਕਮਿਸ਼ਨ ਦਾ ਗਠਨ ਕਰਕੇ ਅਕਾਲੀ ਰਾਜ ਵੇਲੇ ਦਰਜ ਹੋਏ ਸਾਰੇ ਕੇਸਾਂ ਦੀ ਜਾਂਚ ਕਰਵਾ ਰਹੀ ਹੈ ਤਾਂ ਜੋ ਬੇਗੁਨਾਹ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨਾਂ ਦੇ ਹੇਠ ਸਜ਼ਾ ਦਿੱਤੀ ਜਾ ਸਕੇ। ਸ. ਬਾਜਵਾ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਆਪਣੇ 10 ਸਾਲ ਦੇ ਕੁਸ਼ਾਸਨ ਦੌਰਾਨ ਸਾਰੇ ਸੰਭਵੀ ਤਰੀਕਿਆਂ ਨਾਲ ਸੂਬੇ ਦੇ ਲੋਕਾਂ ਉ¤ਤੇ ਅਤਿਆਚਾਰ ਕੀਤਾ ਅਤੇ ਹੁਣ ਉਹ ਆਪਣੇ ਇਨ੍ਹਾਂ ਘਿਨਾਉਣੇ ਕਾਰਿਆਂ ਦੇ ਸਾਹਮਣੇ ਆਉਣ ਤੋਂ ਡਰ ਕੇ ਵਿੰਗੇ-ਟੇਢੇ ਦਾਅ-ਪੇਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਸ ਵੇਲੇ ਕਮਿਸ਼ਨ ਅਕਾਲੀਆਂ ਵਿਰੁੱਧ ਲੱਗੇ ਅਨੇਕਾਂ ਦੋਸ਼ਾਂ ਨੂੰ ਸਿੱਧ ਕਰਨ ਲਈ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਚੋਣਾਂ ਵਿਚ ਪਹਿਲਾਂ ਹੀ ਅਕਾਲੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ ਜੇ ਉਹ ਅਜਿਹਾ ਵਤੀਰਾ ਜਾਰੀ ਰੱਖਣਗੇ ਤਾਂ ਲੋਕ ਸੂਬੇ ਦੀ ਸਿਆਸਤ ਦੇ ਭਲੇ ਲਈ ਉਨ੍ਹਾਂ ਨੂੰ ਸਿਆਸੀ ਪਿੜ ਵਿਚੋਂ ਚੁੱਕ ਕੇ ਬਾਹਰ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।