ਟਰੱਕ ਯੂਨੀਅਨ ਰਾਮਪੁਰਾ ਵੱਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ : ਖ਼ਾਲਸਾ

ਰਾਮਪੁਰਾ ਫੂਲ, 3 ਅਗਸਤ (ਕੁਲਜੀਤ ਸਿੰਘ ਢੀਂਗਰਾ)-ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਰੱਕ ਯੂਨੀਅਨਾਂ ਖਤਮ ਕਰਨ ਦੇ ਲਏ ਗਏ ਫੈਸਲੇ ਕਾਰਨ ਟਰੱਕ ਅਪ੍ਰੇਟਰਾਂ ਦਾ ਸਰਕਾਰ ਪ੍ਰਤੀ ਰੋਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਟਰੱਕ ਯੂਨੀਅਨ ਰਾਮਪੁਰਾ ਦੇ ਪ੍ਰਧਾਨ ਕਰਮਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਸਾਡੀ ਯੂਨੀਅਨ ਵਲੋਂ ਅੱਜ ਐਸ.ਡੀ.ਐਮ ਦਫ਼ਤਰ ਫੂਲ ਅੱਗੇ ਪੰਜਾਬ ਸਰਕਾਰ ਵਲੋਂ ਜਾਰੀ ਹੋਏ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਸਰਕਾਰ ਦੇ ਇਸ ਤਾਨਾਸ਼ਾਹੀ ਫੁਰਮਾਨ ਨੇ ਟਰੱਕ ਅਪ੍ਰੇਟਰਾਂ ਦੀ ਆਰਥਿਕ ਸਥਿਤੀ ਡਾਵਾਡੋਲ ਕਰਕੇ ਰੱਖ ਦਿੱਤੀ ਹੈ। ਯੂਨੀਅਨ ਪ੍ਰਧਾਨ ਖ਼ਾਲਸਾ ਨੇ ਕਿਹਾ ਕਿ ਇਹ ਸਰਕਾਰ ਵਲੋਂ ਲਿਆ ਗਿਆ ਬਹੁਤ ਹੀ ਮੰਦਭਾਗਾ ਫੈਸਲਾ ਹੈ ਅਸੀਂ ਇਸ ਫੈਸਲੇ ਨੂੰ ਬਦਲਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿਆਂਗੇ ਪਰ ਕਿਸੇ ਵੀ ਹੱਦ ’ਤੇ ਟਰੱਕ ਯੂਨੀਅਨਾਂ ਨਹੀਂ ਖਤਮ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸਰਕਾਰ ਟਰੱਕ ਯੂਨੀਅਨਾਂ ਨੂੰ ਬਹਾਲ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਮੂਹ ਟਰੱਕ ਅਪ੍ਰੇਟਰ ਹਾਜ਼ਰ ਸਨ।

Send this to a friend