ਸਮਰਾਲਾ, 20 ਅਕਤੂਬਰ (ਕਮਲਜੀਤ)– ਹਰ ਸਾਲ ਝੋਨੇ ਦੀ ਸੀਜ਼ਨ ਵਿੱਚ ਨੈਸ਼ਨਲ ਹਾਈਵ ਨੰ. 95 ‘ਤੇ ਪਿੰਡ ਮੰਡੇਰਾਂ ਤੋਂ ਖਮਾਣੋਂ ਤੱਕ ਕਰੀਬ 2-2 ਕਿਲੋਮੀਟਰ ਲੰਬੀਆਂ ਝੋਨੇ ਦੇ ਭਰੇ ਹੋਏ ਟਰੱਕ-ਟਰਾਲਿਆਂ ਦੀਆਂ ਲਾਈਨਾਂ ਕਈ-ਕਈ ਮਹੀਨੇ ਲੱਗੀਆਂ ਰਹਿੰਦੀਆਂ ਹਨ, ਜੋ ਕਿ ਹਰ ਸਮੇਂ ਸੜਕ ਹਾਦਸਿਆਂ ਨੂੰ ਸੱਦਾ ਵੀ ਦਿੰਦੀਆਂ ਰਹਿੰਦੀਆਂ ਹਨ,

ਕਿਉਂਕਿ ਹਰ ਵਾਰ ਇਨ੍ਹਾਂ ਲਾਈਨਾਂ ਕਾਰਨ ਛੋਟੇ-ਵੱਡੇ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਐਂਟੀ ਕੁਰੱਪਸ਼ਨ ਫਰੰਟ ਸਮਰਾਲਾ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਵੱਲੋਂ ਕਈ ਵਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਲਾਈਨਾਂ ਕਾਰਨ ਪੇਸ਼ ਆਉਣ ਵਾਲੀ ਆਵਾਜਾਈ ਦੀ ਸਮੱਸਿਆ ਸਬੰਧੀ ਪੱਤਰ ਵੀ ਲਿਖੇ ਹਨ। ਪਰ ਇਨ੍ਹਾਂ ਪੱਤਰਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਪਿਆ, ਜਦਕਿ ਇਹ ਝੋਨਾ ਇੱਕ ਵੱਡੇ ਰਾਈਸ ਸ਼ੈਲਰ ਨੂੰ ਜਾਣ ਲਈ ਆਉਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖੇ ਪੱਤਰਾਂ ਵਿੱਚ ਇਹ ਵੀ ਸੁਝਾਅ ਦਿੱਤੇ ਗਏ ਸਨ ਕਿ ਉਕਤ ਰਾਈਸ ਸ਼ੈਲਰ ਵਾਲਾ ਇਨ੍ਹਾਂ ਟਰੱਕਾਂ ਨੂੰ ਖੜਾਉਣ ਲਈ ਆਪਣੇ ਥਾਂ ਦਾ ਪ੍ਰਬੰਧ ਕਰੇ। ਪਰ ਉਕਤ ਰਾਈਸ ਸ਼ੈਲਰ ਵਾਲੇ ਦੀ ‘ਉੱਪਰ ਤੱਕ’ ਪਹੁੰਚ ਹੋਣ ਕਰਕੇ ਲੋੜੀਂਦਾ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ, ਜਦਕਿ ਫਰੰਟ ਦੀ ਖਮਾਣੋਂ ਇਕਾਈ ਵੀ ਇਸ ਸਬੰਧੀ ਐੱਸ.ਡੀ.ਐੱਮ. ਖਮਾਣੋਂ ਨੂੰ ਕਈ ਵਾਰ ਮਿਲੀ ਹੈ। ਫਰੰਟ ਦੀ ਇਹ ਪੁਰਜ਼ੋਰ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ‘ਤੇ ਲੋੜੀਂਦੀ ਕਰਵਾਈ ਕਰੇ ਤਾਂ ਜੋ ਇਹ ਮਾਮਲਾ ਕਿਸੇ ਕਾਨੂੰਨੀ ਸਹਾਰਾ ਲੈਣ ਤੱਕ ਮਜ਼ਬੂਰ ਨਾ ਹੋਣਾ ਪਵੇ।