ਸ਼ਾਹਿਦ ਅੱਬਾਸੀ ਪਾਕਿਸਤਾਨ ਦੇ ਅੰਤਰਿਮ ਵਜ਼ੀਰ-ਏ-ਆਜ਼ਮ ਬਣੇ

45 ਦਿਨਾਂ ਬਾਅਦ ਸ਼ਹਿਬਾਜ਼ ਸ਼ਰੀਫ ਬਣ ਸਕਦੇ ਹਨ ਪੀ.ਐਮ.

ਇਸਲਾਮਾਬਾਦ/ਨਵੀਂ ਦਿੱਲੀ, 1 ਅਗਸਤ- ਜਨਾਬ ਸ਼ਾਹਿਦ ਖਾਕਨ ਅੱਬਾਸੀ ਮੰਗਲਵਾਰ ਨੂੰ ਪਾਕਿਸਤਾਨ ਦੇ ਅੰਤਰਿਮ ਵਜ਼ੀਰ-ਏ-ਆਜ਼ਮ ਚੁਣੇ ਗਏ। ਜਨਾਬ ਅੱਬਾਸੀ ਅਗਲੇ 45 ਦਿਨ ਤੱਕ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਰਹਿਣਗੇ। ਉਨ੍ਹਾਂ ਨੇ ਕੌਮੀ ਅਸੰਬਲੀ ਵਿੱਚ ਪੀਪਲਜ਼ ਪਾਰਟੀ ਦੇ ਨਵੀਦ ਕੰਵਰ ਨੂੰ ਹਰਾਇਆ।
ਪਾਕਿਸਤਾਨ ਦੇ ਸਦਰ ਜਨਾਬ ਮਮਨੂਨ ਹੁਸੈਨ ਨੇ ਮੰਗਲਵਾਰ ਨੂੰ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੰਬਲੀ ਦਾ ਇਜਲਾਸ ਬੁਲਾਇਆ ਸੀ ਤਾਂ ਕਿ ਸਦਨ ਦਾ ਨਵਾਂ ਨੇਤਾ ਚੁਣਿਆ ਜਾ ਸਕੇ। ਇਜਲਾਸ ਵਿੱਚ ਪਾਕਿਸਤਾਨ ਦੇ ਸੰਸਦ ਮੈਂਬਰਾਂ ਨੇ ਅਹੁਦੇ ਤੋਂ ਹਟਾਏ ਗਏ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਦੀ ਥਾਂ ਨਵੇਂ ਵਜ਼ੀਰ-ਏ-ਆਜ਼ਮ ਦੀ ਚੋਣ ਕੀਤੀ। ਜ਼ਿਕਰਯੋਗ ਹੈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤਹਿਤ ਸ਼ੁੱਕਰਵਾਰ ਨੂੰ 67 ਸਾਲਾ ਮੀਆਂ ਨਵਾਜ਼ ਸ਼ਰੀਫ ਨੂੰ ਅਹੁਦੇ ਤੋਂ ਅਯੋਗ ਕਰਾਰ ਦੇ ਦਿੱਤਾ ਸੀ। ਸਮਝਿਆ ਜਾ ਰਿਹਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਮੀਆਂ ਨਵਾਜ਼ ਸ਼ਰੀਫ ਦੇ ਭਰਾਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਬਣਾਉਣਾ ਚਾਹੁੰਦੀ ਹੈ। ਉਹ ਕਿਉਂਕਿ ਹਾਲੇ ਕੌਮੀ ਅਸੰਬਲੀ ਦੇ ਮੈਂਬਰ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਹੁਦੇ ਦੇ ਯੋਗ ਬਣਾਉਣ ਲਈ ਪੀਐਮਐਲਐਨ ਨੇ ਜਨਾਬ ਅੱਬਾਸੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਹੈ। ਇਸ ਚੋਣ ਦੌਰਾਨ ਵਿਰੋਧੀ ਧਿਰ ਵਿੱਚ ਇਤਪਾਕ ਨਹੀਂ ਦਿਸਿਆ। ਵਿਰੋਧੀ ਧਿਰ ਵੱਲੋਂ 5 ਉਮੀਦਵਾਰ ਮੈਦਾਨ ਵਿੱਚ ਸਨ। 342 ਮੈਂਬਰੀ ਕੌਮੀ ਅਸੰਬਲੀ ਵਿੱਚ ਪੀਐਮਐਲਐਨ ਦੇ 188 ਮੈਂਬਰ ਹਨ।

Send this to a friend