ਅਮਲੋਹ, 1 ਅਗਸਤ (ਰਣਜੀਤ ਸਿੰਘ ਘੁੰਮਣ)- ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੁੂ ਖੰਨਾ ਨੂੰ ਆਪਣਾ ਸਿਆਸੀ ਪ੍ਰੇਰਣਾਸ੍ਰੋਤ ਤੇ ਵੱਡਾ ਭਰਾ ਮੰਨਣ ਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਦਾ ਮਾਹਿਰ ਲੱਖੀ ਔਜਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਜਿਸ ਨੂੰ ਮਿਲਦੇ ਹੀ ਸ. ਬਾਦਲ ਨੇ ਲੱਖੀ ਔਜਲਾ ਨੂੰ ਜੱਫੀ ਵਿਚ ਲੈ ਕੇ ਆਪਣਾ ਨਿੱਘ ਹੀ ਨਹੀਂ ਦਿੱਤਾ ਸਗੋਂ ਸ਼੍ਰੋਮਣੀ ਅਕਾਲੀ ਦਲ ਲਈ ਆਈ.ਟੀ. ਵਿੰਗ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਕਾਇਲ ਹੋ ਕੇ ਲੱਖੀ ਔਜਲਾ ਨੂੰ ਥਾਪੜਾ ਦਿੱਤਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਇਸੇ ਤਰ੍ਹਾਂ ਲੱਗਿਆ ਰਹੇ ਸਰਕਾਰ ਆਉਣ ਤੇ ਉਸਨੂੰ ਬਣਦੀ ਥਾਂ ਦਿੱਤੀ ਜਾਵੇਗੀ ਸਗੋਂ ਉਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਵੀ ਦਿੱਤਾ ਜਾਵੇਗਾ। ਸ. ਬਾਦਲ ਨੇ ਲੱਖੀ ਔਜਲਾ ਨਾਲ ਕਰੀਬ 20 ਮਿੰਟ ਸਿਆਸੀ ਤੌਰ ਤੇ ਅਮਲੋਹ ਹਲਕੇ ਤੇ ਵੀ ਗੱਲਬਾਤ ਕੀਤੀ ਜਿਸ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੱਖੀ ਔਜਲਾ ਨੇ ਕਿਹਾ ਕਿ ਉਹ ਅੱਜ ਵਿਸ਼ੇਸ਼ ਤੌਰ ਤੇ ਦਰਵੇਸ਼ ਆਗੂ ਸ. ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਆਏ ਸਨ ਜਿਨ੍ਹਾਂ ਨੂੰ ਮਿਲ ਕੇ ਉਸਦਾ ਮਨ ਬਾਗੋ ਬਾਗ ਹੀ ਨਹੀਂ ਹੋਇਆ ਸਗੋਂ ਸਿਆਸੀ ਤੌਰ ਤੇ ਵੀ ਉਸਨੂੰ ਵਧੇਰੇ ਮਜਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਧੇਰੇ ਸਤਿਕਾਰ ਕਰਦੇ ਹਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਸਮੇਂ ਸਮੇਂ ਤੇ ਉਤਸ਼ਾਹਿਤ ਕਰਕੇ ਛੋਟੇ ਭਰਾ ਦਾ ਪਿਆਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਸਾਰੀ ਜਿੰਦਗੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹੀ ਲਗਾਉਣਗੇ ਤੇ ਆਈ.ਟੀ. ਵਿੰਗ ਰਾਹੀਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਰ ਸੁਨੇਹਾ ਸੂਬੇ ਦੇ ਘਰ ਘਰ ਤੱਕ ਪਹੁੰਚਾਉਂਦੇ ਰਹਿਣਗੇ।