ਭਦੌੜ, 1 ਅਗਸਤ (ਯੋਗੇਸ਼ ਸ਼ਰਮਾ)-ਭਦੌੜ ਦੇ ਸੂਏਵਾਲਾ ਵੇਹੜਾ ਦੇ ਵਸਨੀਕ ਜੋ ਕਿ ਪਿਛਲੇ ¦ਬੇ ਸਮੇਂ ਤੋਂ ਸੀਵਰੇਜ ਦੇ ਗਲੀਆਂ ਅਤੇ ਘਰਾਂ ਚ ਫਿਰ ਰਹੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਹਲਕਾ ਭਦੌੜ ਦੇ ਐਮ.ਐਲ.ਏ. ਪਿਰਮਲ ਸਿੰਘ ਧੌਲਾ ਮੌਕਾ ਦੇਣ ਪੁੱਜੇ ਅਤੇ ਮੌਕੇ ’ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਫੋਨ ਕਰਕੇ ਉਥੇ ਬੁਲਾਇਆ ਅਤੇ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਾਂਸਦ ਭਗਵੰਤ ਮਾਨ ਦੇ ਦੌਰੇ ਮੌਕੇ ਉਕਤ ਮਹੱਲੇ ਦੇ ਨਿਵਾਸੀਆਂ ਵੱਲੋਂ ਸਾਂਸਦ ਭਗਵੰਤ ਮਾਨ ਅਤੇ ਉਹਨਾਂ ਨੂੰ ਇਸ ਸਮੱਸਿਆ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ’ਤੇ ਸਾਂਸਦ ਭਗਵੰਤ ਮਾਨ ਵੱਲੋਂ ਇਸ ਮਹੱਲੇ ਵਿੱਚ ਨਾਲੀਆਂ ਬਣਾਉਣ ਲਈ ਐਮ.ਪੀ. ਕੋਟੇ ਵਿੱਚ 3 ਲੱਖ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ ਜੋ ਕਿ ਜਲਦੀ ਹੀ ਜਾਰੀ ਕਰਕੇ ਇਸ ਮਹੱਲੇ ਵਿੱਚ ਕੰਮ ਚਾਲੂ ਕਰ ਦਿੱਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ ਅਤੇ ਉਹ ਸਦਾ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਤਤਪਰ ਰਹਿਣਗੇ। ਇਸ ਮੌਕੇ ਵਿਧਾਇਕ ਪਿਰਮਲ ਸਿੰਘ ਧੌਲਾ ਵੱਲੋਂ ਪਹੁੰਚ ਕੇ ਕਰਵਾਈ ਗਈ ਸਫ਼ਾਈ ਨੂੰ ਲੈ ਕੇ ਮਹੱਲੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਉਹਨਾਂ ਨੇ ਸਾਂਸਦ ਭਗਵੰਤ ਮਾਨ ਦਾ ਵੀ ਗਰਾਂਟ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਆਪ ਆਗੂ ਸੁਖਚੈਨ ਸਿੰਘ ਚੈਨਾ, ਕੀਰਤ ਸਿੰਗਲਾ, ਹੇਮ ਰਾਜ ਸ਼ਰਮਾ, ਨਛੱਤਰ ਸਿੰਘ ਹਾਜ਼ਰ ਰਹੇ। ਇਸ ਮੌਕੇ ਲੋਕਾਂ ਨੇ ਨਗਰ ਕੌਂਸਲ ਅਧਿਕਾਰੀਆਂ ਤੋਂ ਉਕਤ ਮਹੱਲੇ ਨੂੰ ਪੱਕਾ ਕਰਕੇ ਫਰਸ਼ ਲਗਾਉਣ ਦੀ ਮੰਗ ਕੀਤੀ।