ਝਬਾਲ, 31 ਜੁਲਾਈ (ਹਰਦੀਪ ਸਿੰਘ)- ਗੁਰਦੁਆਰਾ ਬੀੜ ਸਾਹਿਬ ਵਿਖੇ ਅਖੰਡ ਪਾਠੀਆਂ ਵਜੋਂ ਸੇਵਾਵਾਂ ਨਿਭਾਅ ਰਹੇ ਪੌਣੇ ਪੰਜ ਸੌ ਦੇ ਕਰੀਬ ਗ੍ਰੰਥੀ ਸਿੰਘਾਂ ਨੇ ਗੁਰਦੁਆਰਾ ਸਾਹਿਬ ਸਥਿਤ ‘ਸੁਖ ਆਸਣ ਕੰਪਲੈਕਸ’ ਦੇ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧ ਬਿਗੁਲ ਵਜਾਉਦਿਆਂ ਹੜਤਾਲ ਅਰੰਭ ਕਰਦਿਆਂ ਐਲਾਣ ਕੀਤਾ ਹੈ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਪਿੱਛੇ ਨਹੀਂ ਹੱਟਣਗੇ। ਬਾਬਾ ਬੁੱਢਾ ਸਹਿਬ ਗ੍ਰੰਥੀ ਸਭਾ ਦੇ ਨਾਂ ਹੇਠ ਗਠਤ ਕਮੇਟੀ ਦੇ ਪ੍ਰਧਾਨ ਬਾਬਾ ਮਹਿਲ ਸਿੰਘ ਲਾਲੂਘੁੰਮਣ, ਰਣਧੀਰ ਸਿੰਘ ਝਬਾਲ, ਪਰਮਜੀਤ ਸਿੰਘ ਝਬਾਲ, ਭਾਈ ਸਰੂਪ ਸਿੰਘ ਭੁੱਚਰ ਆਦਿ ਦੀ ਅਗਵਾਈ ਹੇਠ ਗ੍ਰੰਥੀ ਸਿੰਘਾਂ ਦੀ ਵਿਸਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਈ ਮਹਿਲ ਸਿੰਘ, ਭਾਈ ਰਣਧੀਰ ਸਿੰਘ ਅਤੇ ਭਾਈ ਸਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਮੁਲਾਜਾਮਾਂ ਦੀਆਂ ਇਕ ਸਾਲ ’ਚ 2 ਵਾਰ ਤਰੱਕੀਆਂ ਕਰਨ ਦੇ ਨਾਲ ਕਈ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਪਰ ਅਖੰਡਪਾਠੀ ਸਿੰਘਾਂ ਦੀ ਭੇਟਾ ’ਚ ਪਿੱਛਲੇ ਕਈ ਸਾਲਾਂ ਤੋਂ ਸਾਲ ਵਿਚ ਇਕ ਵਾਰ ਵੀ ਵਾਧਾ ਨਹੀ ਕੀਤਾ ਗਿਆ ਹੈ। ਇਸ ਮੌਕੇ ਗੁਰਮੁੱਖ ਸਿੰਘ, ਬਿਕਰਮਜੀਤ ਸਿੰਘ ਲਾਲੂਘੁੰਮਣ, ਭਾਈ ਦਿਲਬਾਗ ਸਿੰਘ ਐਮਾਂ, ਬਚਿੱਤਰ ਸਿੰਘ, ਕਸ਼ਮੀਰ ਸਿੰਘ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਹਰਚੰਦ ਸਿੰਘ, ਕਰਨੈਲ ਸਿੰਘ, ਲੱਖਾ ਸਿੰਘ, ਕੰਵਲਜੀਤ ਸਿੰਘ, ਕਾਰਜ ਸਿੰਘ, ਮੇਸਾ ਸਿੰਘ, ਮੰਗਲ ਸਿੰਘ, ਅੰਗਰੇਜ ਸਿੰਘ, ਭਾਈ ਅਜਮੇਰ ਸਿੰਘ, ਭਾਈ ਸਰੂਪ ਸਿੰਘ ਭੁੱਚਰ, ਸੁਖਵਿੰਦਰ ਸਿੰਘ ਚੀਮਾ, ਹਰਜੀਤ ਸਿੰਘ ਰਾਮਰੌਣੀ, ਨਿਸ਼ਾਨ ਸਿੰਘ ਮਾਲੂਵਾਲ, ਹਰਦੀਪ ਸਿੰਘ ਹੇਰ, ਹੀਰਾ ਸਿੰਘ ਚੀਮਾ, ਨਿਰਵੈਲ ਸਿੰਘ ਸੁਰਸਿੰਘ, ਸੁਖਵਿੰਦਰ ਸਿੰਘ ਰਾਮਰੌਣੀ, ਗੁਰਜੀਵਨ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਪਾਠੀ ਸਿੰਘ ਹਾਜ਼ਰ ਸੀ। ਇਸ ਮੌਕੇ ਪੁੱਜੇ ਐਸ.ਜੀ.ਪੀ.ਸੀ ਦੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਵੱਲੋਂ ਦਫਤਰ ਵੱਲੋਂ ਜਾਰੀ ਸ਼ੂਚੀ ’ਚ ਪ੍ਰਵਾਨ ਮੰਗਾਂ ਪਾਠੀ ਸਿੰਘਾਂ ਨੂੰ ਪੜ੍ਹ ਕੇ ਸੁਣਾਉਣ ਉਪਰੰਤ ਪਾਠੀ ਸਿੰਘਾਂ ਦੀ ਸਹਿਮਤੀ ਤੋਂ ਬਾਅਦ ਹੜਾਲ ਖਤਮ ਕਰ ਦਿੱਤੀ ਗਈ।
ਕੀ ਕਹਿਣਾ ਸ੍ਰੋਮਣੀ ਕਮੇਟੀ ਪ੍ਰਬੰਧਕਾਂ ਦਾ- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਦੱਸਿਆ ਕਿ ਐਸ.ਜੀ.ਪੀ.ਸੀ ਦੀ ਸਬ ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ ਮਤੇ ਅਨੁਸਾਰ 1 ਅਗਸਤ ਤੋਂ ਪਾਠੀ ਸਿੰਘਾਂ ਦੀ ਭੇਟਾ ’ਚ 200 ਰੁਪਏ ਵਾਧਾ ਕਰਨ, ਪੱਕੇ ਮੁਲਾਜਮਾਂ ਦੇ ਨਿਯਮਾਂ ਅਨੁਸਾਰ ਪਰਿਵਾਰ ਲਈ ਡਾਕਟਰੀ ਸਹੂਲਤ, ਤਨਖਾਹ ਏ.ਟੀ.ਐਮ. ਰਾਂਹੀ ਜਾਰੀ ਕਰਨ ਅਤੇ 7500 ਰੁਪਏ ਪੇਸ਼ਗੀ ਰਕਮ ਦੀ ਐਫ. ਡੀ. ਕਰਵਾ ਕੇ ਲਾਭਪਾਤਰੀ ਨੂੰ ਉਸਦਾ ਲਾਭ ਦੇਣ ਆਦਿ ਮੰਗਾਂ ਨੂੰ ਪ੍ਰਵਾਣਗੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਠੀ ਸਿੰਘਾਂ ਦੀ ਬਾਕੀ ਜਾਇਜ਼ ਮੰਗਾਂ ਉਤੇ ਵੀ ਇਕ ਮਹੀਨੇ ਤੱਕ ਵਿਚਾਰ ਕਰਕੇ ਸਬ ਕਮੇਟੀ ਵੱਲੋਂ ਅਗਲੇਰਾ ਫੈਸਲਾ ਲੈਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਬਾਬਾ ਨਿਰਮਲ ਸਿੰਘ, ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਅਤੇ ਮੁੱਖ ਗ੍ਰੰਥੀ ਭਾਈ ਨਿਸ਼ਾਨ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।