ਮੋਰਿੰਡਾ, 31 ਜੁਲਾਈ (ਹਰਜਿੰਦਰ ਸਿੰਘ ਛਿੱਬਰ)-ਨਜ਼ਦੀਕੀ ਪਿੰਡ ਰਸੂਲਪੁਰ ਦੀ ਵਸਨੀਕ ਮਨਜੀਤ ਕੌਰ ਪਤਨੀ ਅਜੈਬ ਸਿੰਘ ਨੂੰ ਉਸ ਸਮੇਂ ਪਾਵਰਕਾਮ ਮਹਿਕਮੇ ਦਾ ਵੱਡਾ ਝਟਕਾ ਲੱਗਾ ਜਦੋਂ ਨਵੇਂ ਲਗਾਏ ਬਿਜਲੀ ਦੇ ਮੀਟਰ ਦਾ ਪਹਿਲਾ ਹੀ ਬਿੱਲ 46 ਹਜ਼ਾਰ 315 ਰੁਪਏ ਆ ਗਿਆ। ਦੱਸਣਯੋਗ ਹੈ ਕਿ ਮਨਜੀਤ ਕੌਰ ਦੇ ਘਰ ਪਾਵਰਕਾਮ ਵਿਭਾਗ ਵੱਲੋਂ ਇੱਕ ਕਿੱਲੋ ਵਾਟ ਤੋਂ ਘੱਟ ਦਾ ਸਰਕਾਰੀ ਮੁਆਫ਼ੀ ਵਾਲਾ ਮੀਟਰ ਲਗਾਇਆ ਸੀ। ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਉਪਭੋਗਤਾ ਨੂੰ ਪਹਿਲਾ ਬਿੱਲ ਹੀ 46 ਹਜ਼ਾਰ ਰੁਪਏ ਤੋਂ ਜ਼ਿਆਦਾ ਆ ਗਿਆ ਜਿਸ ਕਾਰਨ ਗਰੀਬ ਪਰਿਵਾਰ ਨਾਲ ਸਬੰਧਤ ਉਕਤ ਔਰਤ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਕਤ ਔਰਤ ਮਨਜੀਤ ਕੌਰ ਨੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਉਸਦੇ ਬਿੱਲ ਨੂੰ ਦਰੁੱਸਤ ਕਰਨ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਛੁੱਟੀ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।