ਤਲਵੰਡੀ ਸਾਬੋ, 31 ਜੁਲਾਈ (ਰਾਮ ਰੇਸ਼ਮ ਨਥੇਹਾ)- ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅੱਜ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਦਮਦਮਾ ਸਾਹਿਬ ਪੁੱਜੇ। ਇੱਥੇ ਪੁੱਜਣ ਤੇ ਗੁ:ਬੇਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਨੇ ਗਿਆਨੀ ਇਕਬਾਲ ਸਿੰਘ ਦਾ ਸਵਾਗਤ ਕੀਤਾ। ਗਿਆਨੀ ਇਕਬਾਲ ਸਿੰਘ ਨੇ ਇਸ ਮੌਕੇ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਪੰਥ ਨੂੰ ਦਰਪੇਸ਼ ਕਈ ਮੁਸ਼ਕਿਲਾਂ ਦੇ ਹੱਲ ਸਬੰਧੀ ਵੀਚਾਰਾਂ ਕੀਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਥੇ ਗਿਆਨੀ ਇਕਬਾਲ ਸਿੰਘ ਨੇ ਸਿੱਖ ਪੰਥ ਦੇ ਮਸਲਿਆਂ ਦੇ ਹੱਲ ਲਈ ਪੰਥਕ ਏਕਤਾ ਤੇ ਜੋਰ ਦਿੱਤਾ ਉਥੇ ਬਾਬਾ ਬਲਬੀਰ ਸਿੰਘ ਨੇ ਪੰਜਾਬ ਅੰਦਰ ਬੇਅਦਬੀ ਘਟਨਾਵਾਂ ਦੇ ਨਾ ਰੁਕਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਸੁਚੇਤ ਰਹਿਣ ਲਈ ਕਿਹਾ।ਉਨਾਂ ਨੇ ਪਿੰਡਾਂ ਦੇ ਗੁਰੂਘਰਾਂ ਵਿੱਚ ਬਿਜਲਈ ਉੁਪਕਰਨਾਂ ਦੀ ਸਾਂਭ ਸੰਭਾਲ ਅਤੇ ਬਿਜਲੀ ਫਿਟਿੰਗ ਦਾ ਨਿਰੀਖਣ ਕਰਵਾਕੇ ਉਨਾਂ ਨੂੰ ਚਾਕ ਚੌਬੰਦ ਕਰਵਾਉਣ ਦੀ ਲੋੜ ਤੇ ਵੀ ਜੋਰ ਦਿੱਤਾ ਤਾਂਕਿ ਕਿਤੇ ਸ਼ਾਰਟ ਸਰਕਟ ਰਾਂਹੀ ਬੇਅਦਬੀ ਦੀ ਘਟਨਾ ਨਾ ਵਾਪਰ ਸਕੇ।ਬੁੱਢਾ ਦਲ ਮੁਖੀ ਨੇ ਇਸ ਮੌਕੇ ਗਿਆਨੀ ਇਕਬਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਜੱਸਾ ਸਿੰਘ,ਬਾਬਾ ਇੰਦਰ ਸਿੰਘ ਬੁੱਢਾ ਦਲ ਦੇ ਘੋੜਿਆਂ ਦੇ ਜਥੇਦਾਰ,ਭਾਈ ਮੱਘਰ ਸਿੰਘ ਹੈਡ ਗ੍ਰੰਥੀ,ਭਾਈ ਮੇਜਰ ਸਿੰਘ ਮੁਖਤਿਆਰ ਏ ਆਮ,ਭਾਈ ਰਣਯੋਧ ਸਿੰਘ,ਭਾਈ ਸੁਖਮੰਦਰ ਸਿੰਘ ਮੋਰ,ਭਾਈ ਹਰਪ੍ਰੀਤ ਸਿੰਘ,ਭਾਈ ਸਰਵਣ ਸਿੰਘ ਮਝੈਲ,ਭਾਈ ਬਲਦੇਵ ਸਿੰਘ ਢੋਡੀਵਿੰਡੀਆ,ਭਾਈ ਪਿਆਰਾ ਸਿੰਘ,ਭਾਈ ਜੋਗਾ ਸਿੰਘ,ਭਾਈ ਪਿਆਰਾ ਸਿੰਘ ਆਦਿ ਸਿੰਘ ਹਾਜਿਰ ਸਨ।