ਇਸਲਾਮਾਬਾਦ, 30 ਜੁਲਾਈ (ਪੀ.ਟੀ)- ਨਵਾਜ਼ ਸ਼ਰੀਫ ਦੀ ਥਾਂ ਮੰਗਲਵਾਰ ਨੂੰ ਪਾਕਿਸਤਾਨੀ ਸੰਸਦ ਇਕ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ। ਪਾਕਿਸਤਾਨੀ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਬੇਈਮਾਨੀ ਦੇ ਦੋਸ਼ ‘ਚ ਸ਼ਰੀਫ ਨੂੰ ਅਯੋਗ ਕਰਾਰ ਦਿਤਾ। ਕੋਰਟ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਬਚਿਆਂ ਵਿਰੁਧ ਪਨਾਮਾ ਪੇਪਰ ਮਾਮਲੇ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਚਲਾਉਣ ਦਾ ਹੁਕਮ ਦਿਤਾ ਸੀ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼ਰੀਫ ਨੂੰ ਕੁਰਸੀ ਤੋਂ ਹਥ ਧੋਣਾ ਪਿਆ ਸੀ। ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਸਦਨ ਦਾ ਨਵਾਂ ਨੇਤਾ ਚੁਣਨ ਲਈ ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਵਿਧਾਨ ਸਭਾ ਦੀ ਬੈਠਕ ਮੰਗਲਵਾਰ ਦੁਪਹਿਰ 3 ਵਜੇ ਬੁਲਾਈ ਹੈ।ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਫਿਲਹਾਲ ਸ਼ਾਹਿਦ ਖਾਨ ਅਬਾਸੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ ਪਰ ਬਾਅਦ ਵਿਚ ਉਹ ਸ਼ਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਰਸਤਾ ਬਣਾਉਣਗੇ। ਪਾਕਿਸਤਾਨ ਪਹਿਲਾਂ ਵੀ ਇਸ ਤਰ੍ਹਾਂ ਦੀ ਵਿਵਸਥਾ ਦਾ ਗਵਾਹ ਬਣ ਚੁਕਾ ਹੈ। ਸਾਬਕਾ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ਰਫ ਦੇ ਸ਼ਾਸਨ ਦੌਰਾਨ ਚੌਧਰੀ ਸ਼ੁਜਾਤ ਹੁਸੈਨ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।