June 22, 2026 4:40 pm

ਪ੍ਰੇਮੀ ਜੋੜੇ ਦੇ ਕੱਪੜੇ ਉਤਾਰ ਕੇ ਪਿੰਡ ‘ਚ ਘੁੰਮਾਇਆ, 20 ਗ੍ਰਿਫਤਾਰ

ਭੋਪਾਲ, 17 ਅਕਤੂਬਰ (ਪੀ.ਟੀ.)-ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ‘ਚ ਪੰਚਾਇਤ ਦੇ ਫੁਰਮਾਨ ‘ਤੇ ਇੱਕ ਪ੍ਰੇਮੀ ਜੋੜੇ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਪੂਰੇ ਪਿੰਡ ਵਿੱਚ ਘੁੰਮਾਏ ਜਾਣ ਦੇ ਮਾਮਲੇ ਵਿੱਚ 20 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ 4 ਪੁਲਿਸ ਕਰਮਚਾਰੀ ਸਸਪੈਂਡ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਧਾਰ ਜ਼ਿਲੇ ‘ਚ ਬਲਵਾਰੀ ਪੰਚਾਇਤ ਦੇ ਖੋਕਰੀਆ ਪਿੰਡ ‘ਚ ਮੰਗਲਵਾਰ ਨੂੰ ਇਕ ਵਿਆਹੁਤਾ ਅਤੇ ਉਸ ਦੇ ਪ੍ਰੇਮੀ ਨੂੰ ਪਿੰਡ ਦੇ ਕੁਝ ਲੋਕ ਬਯੜੀਪੁਰਾ ਅਤੇ ਬਲਵਾਰੀ ਤੋਂ ਫੜ੍ਹ ਕੇ ਲਿਆਏ। ਉਨ੍ਹਾਂ ਨੂੰ ਗਰਬਾ ਪੰਡਾਲ ‘ਚ ਲਿਆਂਦਾ ਗਿਆ। ਉਸ ਤੋਂ ਬਾਅਦ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ। ਉਸ ਤੋਂ ਬਾਅਦ ਦੋਹਾਂ ਦੇ ਸਰੀਰ ‘ਤੇ ਕਾਲਿਖ ਲਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਪਿੰਡ ‘ਚ ਘੁੰਮਾਇਆ ਗਿਆ। ਦੱਸਿਆ ਗਿਆ ਹੈ ਪਿੰਡ ਵਿੱਚ ਘੁੰਮਦੇ ਸਮੇਂ ਵਿਅਕਤੀ ਕੋਲੋਂ ਪੂਰੇ ਰਸਤੇ ਥਾਲੀ ਵਜਵਾਈ ਗਈ। ਪਿੰਡ ‘ਚ ਘੁੰਮਾਏ ਜਾਣ ਸਮੇਂ ਜਦੋਂ ਵੀ ਦੋਵੇਂ ਛੱਡ ਦੇਣ ਦੀ ਗੁਹਾਰ ਕਰਦੇ ਹੋਏ ਰੁਕ ਜਾਂਦੇ ਤਾਂ ਉਨ੍ਹਾਂ ਨੂੰ ਕਿੱਲਾਂ ਨਾਲ ਗੋਦਿਆ ਜਾਂਦਾ। ਇੰਦੌਰ ਇਨਕਲੇਵ ਦੇ ਪੁਲਿਸ ਡਿਪਟੀ ਕਮਿਸ਼ਨਰ ਵਿਪਿਨ ਮਾਹੇਸ਼ਵਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਧਾਰ ‘ਚ ਪ੍ਰੇਮੀ ਜੋੜੇ ਨੂੰ ਤਸੀਹੇ ਦਿੱਤੇ ਜਾਣ ਦੇ ਮਾਮਲੇ ਵਿੱਚ 20 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉੱਥੇ ਹੀ ਚਾਰ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Send this to a friend