June 22, 2026 4:42 pm

ਜ਼ਖ਼ਮੀਆਂ ਨੂੰ ਚੁੱਕਣ ਲਈ ਕੋਈ ਨਾ ਪੁੱਜੀ

ਮਲੋਟ, 17 ਅਕਤੂਬਰ (ਹਰਦੀਪ ਸਿੰਘ ਖਾਲਸਾ)-ਕਹਿਣ ਨੂੰ ਤਾਂ ਮਲੋਟ ਸ਼ਹਿਰ ਅੰਦਰ ਅੱਧੀ ਦਰਜਨ ਤੋਂ ਵੱਧ ਐਂਬੂਲੈਂਸ ਗੱਡੀਆਂ ਹਸਪਤਾਲ ‘ਚ ਖੜ੍ਹੀਆਂ ਨਜ਼ਰ ਆਉਣਗੀਆਂ ਪਰ ਬੁੱਧਵਾਰ ਨੂੰ ਹੋਏ ਇੱਕ ਦਰਦਨਾਕ ਹਾਦਸੇ ‘ਚ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਹਸਪਤਾਲ ਲਿਆਉਣ ਲਈ ਇਨ੍ਹਾਂ ਗੱਡੀਆਂ ਦਾ ਮੂੰਹ ਹਾਦਸੇ ਵਾਲੀ ਥਾਂ ਵੱਲ ਨਾ ਹੋਇਆ। ਅੱਧੇ ਘੰਟੇ ਦੇ ਲੰਬੇ ਇੰਤਜਾਰ ਤੋਂ ਬਾਅਦ ਅਖੀਰ ਇੱਕ ਸਮਾਜਸੇਵੀ ਜੱਥੇਬੰਦੀ ਦੇ ਆਗੂ ਨੇ ਜ਼ਖ਼ਮੀਆਂ ਨੂੰ ਦੁੱਧ ਵਾਲੇ ਛੋਟੇ ਹਾਥੀ ਵਿੱਚ ਪਾ ਕੇ ਸਰਕਾਰੀ ਹਸਪਤਾਲ ਲਿਆਂਦਾ, ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ ਹਾਦਸੇ ਦੇ ਜ਼ਖ਼ਮੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਜੇਕਰ ਦਰਦਨਾਕ ਸੜਕ ਹਾਦਸੇ ਦੇ ਜ਼ਖ਼ਮੀਆਂ ਨੂੰ ਵੇਲੇ ਸਿਰ ਇੱਕ ਵੀ ਐਂਬੂਲੈਂਸ ਸੇਵਾ ਮਿਲ ਜਾਂਦੀ ਤਾਂ ਦੋ ਪਰਿਵਾਰਾਂ ਦੇ ਕਮਾਉ ਪੁੱਤ ਬਚਾਏ ਜਾ ਸਕਦੇ ਸਨ। ਹੋਇਆ ਇੰਜ ਕਿ ਡਿਫੈਂਸ ਰੋਡ ‘ਤੇ ਤੜਕੇ ਟਰੱਕ ਟ੍ਰੈਕਟਰ ਟਰਾਲੀ ਵਿਚਕਾਰ ਇੱਕ ਭਿਆਨਕ ਹਾਦਸਾ ਹੋ ਗਿਆ। ਹਾਦਸੇ ਨੂੰ ਅੰਜ਼ਾਮ ਦੇਣ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਬੱਬੀ ਹਾਦਸੇ ਵਾਲੀ ਥਾਂ ਤੋਂ ਸ਼ਹਿਰ ਦਾ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਉਥੋਂ ਲੰਘ ਰਿਹਾ ਸੀ। ਉਸ ਨੇ ਤਰੁੰਤ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਲਈ ਹਸਪਤਾਲ ਦੇ ਨੇੜੇ ਦੁਕਾਨ ਕਰਦੇ ਆਪਣੇ ਸਾਥੀ ਨੂੰ ਫੋਨ ‘ਤੇ ਐਂਬੂਲੈਂਸ ਗੱਡੀ ਭੇਜਣ ਲਈ ਕਿਹਾ। ਉਸ ਵਕਤ ਹਸਪਤਾਲ ਵਿੱਚ ਸਰਕਾਰੀ ਗੱਡੀ ਸਣੇ ਤਿੰਨ ਹੋਰ ਗੱਡੀਆਂ ਹਸਪਤਾਲ ਵਿੱਚ ਮੌਜੂਦ ਖੜੀਆਂ ਦੱਸੀਆਂ ਜਾ ਰਹੀਆਂ ਸਨ, ਪਰ ਜਦੋ ਐਂਬੂਲੈਂਸਾਂ ਦੇ ਚਾਲਕਾਂ ਨੂੰ ਫੋਨ ਕਰਕੇ ਸੂਚਿਤ ਕਰ ਦਿੱਤਾ ਗਿਆ, 108 ਐਂਬੂਲੈਂਸ ਮੌਕੇ ‘ਤੇ ਮੌਜੂਦ ਨਾ ਹੋਣ ਕਾਰਨ ਦੂਜੀ ਗੱਡੀ ਭੇਜਣ ਲਈ ਕਿਹਾ ਪਰ ਉਸ ਨੂੰ ਵੀ ਖਰਾਬ ਦੱਸਿਆ ਗਿਆ। ਜਦੋਂ ਹਸਪਤਾਲ ‘ਚ ਅਕਸਰ ਹੀ ਖੜੀਆਂ ਰਹਿਣ ਵਾਲੀਆਂ ਗੱਡੀਆਂ ਦੇ ਚਾਲਕਾਂ ਨੂੰ ਹਾਦਸੇ ਦੇ ਮਰੀਜਾਂ ਨੂੰ ਹਸਪਤਾਲ ਲਿਆਉਣ ਲਈ ਫੋਨ ਕੀਤੇ ਗਏ ਤਾਂ ਕਿਸੇ ਨੇ ਕਿਹਾ ਉਹ ਬਾਹਰ ਹੈ, ਕਿਸੇ ਨੇ ਕਿਹਾ ਉਹ ਨਹਾ ਰਿਹੈ ਅਤੇ ਕਿਸੇ ਨੇ ਗੱਡੀ ਖਰਾਬ ਹੋਣ ਦੀ ਗੱਲ ਆਖੀ ਪਰ ਕਾਫੀ ਦੇਰ ਤੱਕ ਜਦੋਂ ਐਂਬੂਲੈਂਸ ਗੱਡੀ ਦਾ ਪ੍ਰਬੰਧ ਨਾ ਹੋਇਆ ਤਾਂ ਹਾਦਸੇ ਵਾਲੀ ਥਾਂ ਤੋਂ ਲੰਘ ਰਹੇ ਇੇਕ ਛੋਟੇ ਹਾਥੀ ‘ਚ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ, ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਵਰਤਾਰੇ ਤੋਂ ਬਾਅਦ ਆਮ ਲੋਕਾਂ ਨੇ ਮੰਗ ਕੀਤੀ ਕਿ ਸਮਾਜਸੇਵੀ ਜੱਥੇਬੰਦੀਆਂ ਦੀਆਂ ਅੱਧੀ ਦਰਜਨ ਗੱਡੀਆਂ ਦਾ ਜਮਾਵੜਾ ਹਸਪਤਾਲ ਦੀ ਥਾਂ ਅਬੋਹਰ, ਫਾਜਿਲਕਾ, ਡਬਵਾਲੀ, ਬਠਿੰਡਾ, ਮੁਕਤਸਰ, ਡਿਫੈਸ ਰੋਡ ਆਦਿ ਤੇ ਖੜਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਹਾਦਸੇ ਵਾਲੀ ਥਾਂ ਤੋਂ ਤਰੰਤ ਜ਼ਖ਼ਮੀਆਂ ਨੂੰ ਚੁੱਕ ਕੇ ਇਲਾਜ਼ ਲਈ ਹਸਪਤਾਲ ਲਿਆਂਦਾ ਜਾ ਸਕੇ। ਸਰਕਾਰੀ ਹਸਪਤਾਲ ਸ਼ਹਿਰ ਦੇ ਵਿਚਕਾਰ ਹੋਣ ਕਾਰਨ ਅਕਸਰ ਹੀ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਜਖਮੀਆਂ ਨੂੰ ਲਿਆਉਣ ਲਈ ਭੀੜ-ਭਾੜ ਵਾਲੇ ਬਾਜ਼ਾਰਾਂ ‘ਚੋਂ ਲੰਘਣ ਲੱਗਿਆਂ ਸਮਾਂ ਬਰਬਾਦ ਹੁੰਦਾ ਹੈ। ਹਾਦਸੇ ਦੇ ਜ਼ਖ਼ਮੀਆਂ ਦੀਆਂ ਜ਼ਿਆਦਾ ਮੌਤਾਂ ਇਲਾਜ਼ ਵਿੱਚ ਦੇਰੀ ਕਾਰਨ ਹੀ ਹੁੰਦੀਆਂ ਹਨ। ਇਸ ਸਬੰਧੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਬਹੁਤ ਹੀ ਮੰਦਭਾਗੀ ਗੱਲ ਹੈ ਅੱਗੇ ਤੋਂ ਅਜਿਹਾ ਨਾ ਹੋਵੇ ਉਸ ਲਈ ਉਹ ਜਲਦੀ ਹੀ ਸਮਾਜਸੇਵੀ ਜੱਥੇਬੰਦੀਆਂ ਦੀ ਮੀਟਿੰਗ ਸੱਦਣਗੇ। ਉਧਰ ਕੋਆਰਡੀਨੇਨਰ ਡਾਕਟਰ ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਉਹਨਾਂ ਦੇ ਧਿਅਨ ਵਿੱਚ ਜਿਊਂ ਹੀ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਤਰੁੰਤ ਐਂਬੂਲੈਂਸ ਚਾਲਕਾਂ ਨਾਲ ਹਸਪਤਾਲ ਪੁੱਜ ਕੇ ਜਾਣਕਾਰੀ ਲਈ ਤੇ ਪੜਤਾਲ ਕਰਕੇ ਚਾਲਕਾਂ ਨੂੰ ਅੱਗੇ ਤੋਂ ਸੁਚੇਤ ਹੋ ਕੇ ਕੰਮ ਕਰਨ ਲਈ ਕਿਹਾ।

Send this to a friend