ਪਨਾਮਾ ਕੇਸ ’ਚ ਪਾਕਿ ਸੁਪਰੀਮ ਕੋਰਟ ਵੱਲੋਂ ਕੇਂਦਰੀ ਮੰਤਰੀ ਮੰਡਲ ਬਰਖਾਸਤ
ਨਵੀਂ ਦਿੱਲੀ/ਇਸਲਾਮਾਬਾਦ, 28 ਜੁਲਾਈ- ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਪਨਾਮਾ ਗੇਟ ਮਾਮਲੇ ’ਚ ਮੁਕੱਦਮਾ ਚਲਾਏ ਜਾਣ ਦੀ ਮਨਜ਼ੂਰੀ ਤੋਂ ਬਾਅਦ ਅਯੋਗ ਠਹਿਰਾਏ ਗਏ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਨਵਾਜ਼ ਸ਼ਰੀਫ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਉਹ ਅਹੁਦੇ ’ਤੇ ਬਣੇ ਨਹੀਂ ਰਹਿ ਸਕਦੇ ਸਨ। ਅਦਾਲਤੀ ਹੁਕਮਾਂ ਤਹਿਤ ਕੇਂਦਰੀ ਮੰਤਰੀ ਮੰਡਲ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਚਰਚਿਤ ਪਨਾਮਾ ਪੇਪਰਜ਼ ਕੇਸ ਦੀ ਜਾਂਚ ਦੌਰਾਨ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਦੋ ਪੁੱਤਰਾਂ, ਜਵਾਈ ਅਤੇ ਲੜਕੀ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੋਰ ਕੋਈ ਵੀ ਵਜ਼ੀਰ-ਏ-ਆਜ਼ਮ ਨਹੀਂ ਬਣ ਸਕਦਾ। ਇਸ ਲਈ ਹੀ ਉਨ੍ਹਾਂ ਦੀ ਪਾਰਟੀ ਪੀਐਮਐਲਐਨ ਵੱਲੋਂ ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਇਹ ਤੀਸਰਾ ਮੌਕਾ ਹੈ ਜਦੋਂ ਨਵਾਜ਼ ਸ਼ਰੀਫ ਨੂੰ ਆਪਣਾ ਵਜ਼ੀਰ-ਏ-ਆਜ਼ਮ ਕਾਲ ਅੱਧ ਵਿਚਕਾਰ ਛੱਡਣਾ ਪਿਆ ਹੈ। ਇਸ ਵਾਰ ਉਨ੍ਹਾਂ ਦਾ ਪੂਰਾ ਸਿਆਸੀ ਭਵਿੱਖ ਹਵਾ ਵਿੱਚ ਲਟਕ ਗਿਆ ਹੈ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਹੁਕਮਰਾਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੂੰ ਸਰਕਾਰ ਦੀ ਅਗਵਾਈ ਲਈ ਨਵਾਂ ਆਗੂ ਚੁਣਨਾ ਹੋਵੇਗਾ। ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਨਵਾਜ਼ ਪਰਿਵਾਰ ਪੂਰੀ ਤਰ੍ਹਾਂ ਸੱਤਾ ਵਿੱਚੋਂ ਬਾਹਰ ਆ ਗਿਆ ਹੈ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਸੁਣਵਾਈ ਦੌਰਾਨ ਜਸਟਿਸ ਸਈਅਦ ਨੇ ਆਖਿਆ ਸੀ ਕਿ ਅਦਾਲਤ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਸੇ ਵੀ ਕਾਨੂੰਨ ਤੋਂ ਵਿਚਲਿਤ ਨਹੀਂ ਹੋਵੇਗੀ। ਪਨਾਮਾ ਪੇਪਰਜ਼ ਘਪਲੇ ਦੀ ਜਾਂਚ ਲਈ ਸਾਂਝਾਂ ਜਾਂਚ ਦਲ ਬਣਾਇਆ ਗਿਆ ਸੀ, ਜਿਸ ਦੀ ਜਾਂਚ ਦੇ ਆਧਾਰ ਉਪਰ ਹੀ ਅਦਾਲਤ ਨੇ ਤਾਜ਼ਾ ਆਦੇਸ਼ ਦਿੱਤੇ ਹਨ। ਤਾਜ਼ਾ ਫੈਸਲਾ ਅਦਾਲਤ ਦੇ 5 ਜੱਜਾਂ ਨੇ ਸਰਬਸੰਮਤੀ ਨਾਲ ਦਿੱਤਾ ਹੈ। ਫੈਸਲਾ ਅਦਾਲਤ ਵਿੱਚ ਜਸਟਿਸ ਇਜ਼ਾਜ਼ ਅਫਜ਼ਲ ਖਾਨ ਨੇ ਕੋਰਟ ਦੇ ਭਰੇ ਹੋਏ ਕਮਰੇ ਵਿੱਚ ਪੜ੍ਹ ਕੇ ਸੁਣਾਇਆ। ਇਸ ਮੌਕੇ ’ਤੇ ਵਿਰੋਧੀ ਪਾਕਿਸਤਾਨ ਤਹਰੀਕ-ਏ-ਇਨਸਾਫ ਦੇ ਵਰਕਰਾਂ ਨੇ ਜਸ਼ਨ ਮਨਾਇਆ ਅਤੇ ਨਵਾਜ਼ ਗੋ ਦੇ ਨਾਅਰੇ ਲਗਾਏ। ਅਦਾਲਤ ਨੇ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 62 ਅਤੇ 63 ਅਧੀਨ ਜਨਾਬ ਸ਼ਰੀਫ ਨੂੰ ਅਹੁਦੇ ਤੋਂ ਅਯੋਗ ਠਹਿਰਾਇਆ ਹੈ। ਇਨ੍ਹਾਂ ਧਾਰਾਵਾਂ ਮੁਤਾਬਿਕ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਮੈਂਬਰ ਨੂੰ ਸੱਚਾਈ ’ਤੇ ਖੜ੍ਹਣਾ ਚਾਹੀਦਾ ਹੈ। ਜਸਟਿਸ ਖਾਨ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ ਨੂੰ ਕੌਮੀ ਅਸੈਂਬਲੀ ਦੀ ਮੈਂਬਰੀ ਤੋਂ ਅਯੋਗ ਕਰਾਰ ਦਿੱਤਾ ਜਾਂਦਾ ਹੈ। ਅਦਾਲਤ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਆਦੇਸ਼ ਦਿੱਤਾ ਹੈ ਤਾਂ ਜੋ ਸ਼ਰੀਫ ਨੂੰ ਮੈਂਬਰੀ ਤੋਂ ਅਯੋਗ ਠਹਿਰਾਉਣ ਦਾ ਆਦੇਸ਼ ਜਾਰੀ ਕੀਤਾ ਜਾਵੇ।