ਤਲਵੰਡੀ ਸਾਬੋ, 27 ਜੁਲਾਈ (ਰਾਮ ਰੇਸ਼ਮ ਨਥੇਹਾ)- ਮਲੇਸ਼ੀਆ ਵਾਸੀ ਇੱਕ ਸ਼ਰਧਾਲੂ ਜਸਵੰਤ ਸਿੰਘ ਖੋਸਾ ਵੱਲੋਂ ਲਿਖੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਸ ਦਾ ਪਿਛਲੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ, ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਨਿੱਜੀ ਰਾਇ ਦਿੰਦੇ ਹੋਏ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾ ਦੇ ਮੱਦੇ ਨਜ਼ਰ ਇਸ ਸਰੂਪ ਦੀ ਲਿਖਣਸ਼ੈਲੀ ਨੂੰ ਅਪ੍ਰਵਾਨ ਕਰਨਾ ਚਾਹੀਦਾ ਹੈ। ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੇ ਇਤਿਹਾਸਿਕ ਗੁਰੂਸਰ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਰਿਹਾਇਸ਼ ਵਿਖੇ ਪ੍ਰੈਸ ਮਿਲਣੀ ਦੌਰਾਨ ਮਲੇਸ਼ੀਆ ਨਿਵਾਸੀ ਜਸਵੰਤ ਸਿੰਘ ਖੋਸਾ ਵੱਲੋਂ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਬਾਰੇ ਆਖਿਆ ਕਿ 12 ਜੂਨ ਨੂੰ ਇਸ ਸਰੂਪ ਦਾ ਗੁਦੁਆਰਾ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਸਨ। ਜਿਸ ਦੇ ਭੋਗ 14 ਜੂਨ ਨੂੰ ਪਾਏ ਗਏ ਸਨ। ਉਹਨਾਂ ਕਿਹਾ ਕਿ ਇਸ ਸਰੂਪ ਬਾਰੇ ਉਹਨਾਂ ਨੂੰ ਜਾਣਕਾਰੀ 3 ਜੁਲਾਈ ਨੂੰ ਮਿਲੀ ਅਤੇ ਉਸੇ ਦਿਨ ਹੀ ਉਹਨਾਂ ਬਾਬਾ ਬੂਟਾ ਸਿੰਘ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਨਾਲ ਲਿਜਾ ਕੇ ਇਸ ਸਰੂਪ ਦੇ ਦਰਸ਼ਨ ਕੀਤੇ। ਪੰਦਰਾਂ ਮਿੰਟ ਦਰਸ਼ਨ ਕਰਨ ਤੋਂ ਬਾਅਦ ਜੋ ਤਿੰਨ ਗੱਲਾਂ ਸਾਹਮਣੇ ਆਈਆਂ ਉਹਨਾਂ ਵਿੱਚੋਂ ਇੱਕ ਤਾਂ ਇਸਦੇ 1430 ਅੰਗ ਹਨ, ਇਹ ਸਰੂਪ ਅਕਾਰ ਵਿੱਚ ਵੱਡਾ ਹੈ। ਜਿੱਥੋਂ ਤੱਕ ਬਾਣੀ ਦੀ ਵਾਧ ਘਾਟ ਦੀ ਗੱਲ ਹੈ, ਪੰਦਰਾਂ ਮਿੰਟਾਂ ਦੇ ਦਰਸ਼ਨ ਕਰਨ ਦੌਰਾਨ ਬਾਣੀ ਦੀ ਕੋਈ ਵਾਧ-ਘਾਟ ਨਜਰ ਨਹੀਂ ਪਈ। ਜਿਵੇਂ ਕਿ ਰਾਗਮਾਲਾ ਮੌਜੂਦ ਹੈ। ਇਸਦੀ ਲਿਖਣਸ਼ੈਲੀ ਵਿਲੱਖਣ ਹੈ। ਅੱਖਰ ਤੋਂ ਅੱਖਰ ਸਪੇਸ ਜਿਆਦਾ ਹੈ।ਇਸ ਤਰਾਂ ਜਾਪਦਾ ਹੈ ਜਿਵੇਂ ਪਦ-ਛੇਦ ਸਰੂਪ ‘ਤੇ ਇੱਕ ਲਾਈਨ ਰਾਹੀਂ ਜੋੜ ਪਾਇਆ ਹੋਵੇ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲਗਾਂ ਮਾਤਰਾਂ ਦੀਆਂ ਗਲਤੀਆਂ ਵੀ ਸਾਮਹਣੇ ਆਈਆਂ। ਸਿੰਘ ਸਾਹਿਬ ਨੇ ਕਿਹਾ ਕਿ 7 ਜੁਲਾਈ ਨੂੰ ਇਹੀ ਜਾਣਕਾਰੀ ਦਲ ਖਾਲਸਾ ਦੇ ਆਗੂਆਂ ਨੂੰ ਦਿੱਤੀ ਗਈ ਸੀ ਪ੍ਰੰਤੂ ਮੀਡੀਆ ਦੇ ਇੱਕ ਹਿੱਸੇ ਨੇ ਦਿੱਤੀ ਜਾਣਕਾਰੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜੋ ਕਿ ਸਰਾਸਰ ਗਲਤ ਸੀ। ਉਹਨਾਂ ਇਹ ਵੀ ਕਿਹਾ ਕਿ ਉਕਤ ਹੱਥ ਲਿਖਤ ਸਰੂਪ ਦਾ ਸ੍ਰੀ ਅਖੰਡ ਪਾਠ ਆਰੰਭ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਜਰੂਰ ਹੋਵੇਗੀ। ਕਾਰਜਕਾਰੀ ਜਥੇਦਾਰ ਨੇ ਇਹ ਵੀ ਕਿਹਾ ਕਿ ਇਸ ਸਰੂਪ ਬਾਰੇ ਫੈਸਲਾ ਤਾਂ ਆਖਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਲੈਣਾ ਹੈ ਪ੍ਰੰਤੂ ਉਹਨਾਂ ਨੂੰ ਰਾਇ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਸਰੂਪ ਦੀ ਲਿਖਣਸ਼ੈਲੀ ਨੂੰ ਅਪ੍ਰਵਾਨ ਕਰਨਾ ਚਾਹੀਦਾ ਹੈ ਤਾਂ ਕਿ ਇਸ ਸਰੂਪ ਬਾਬਤ ਕੋਈ ਯੋਗ ਫੈਸਲਾ ਲਿਆ ਜਾ ਸਕੇ। ਇਸ ਬਾਬਤ ਕੋਈ ਬੇਲੋੜੀ ਟੀਕਾ ਟਿੱਪਣੀ ਯੋਗ ਨਹੀਂ। ਬੀਤੇ ਦਿਨੀਂ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਿਵਾਸ ਵਿੱਚ ਇੱਕ ਗੈਰ ਲੜਕੀ ਨਾਲ ਫੜ੍ਹੇ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਬਾਰੇ ਉਹਨਾਂ ਕਿਹਾ ਕਿ ਕੋਤਾਹੀ ਕਰਨ ਵਾਲੇ ਮੁਲਾਜ਼ਮ ਬਖਸ਼ੇ ਨਹੀਂ ਜਾਣਗੇ।