ਭਾਜਪਾ ਆਗੂ ਸੁਸ਼ੀਲ ਮੋਦੀ ਬਣਾਏ ਗਏ ਉਪ ਮੁੱਖ ਮੰਤਰੀ
ਨਵੀਂ ਦਿੱਲੀ/ਪਟਨਾ, 27 ਜੁਲਾਈ- ਬਿਹਾਰ ਵਿੱਚ ਤੇਜ਼ੀ ਨਾਲ ਬਦਲੇ ਸਿਆਸੀ ਦ੍ਰਿਸ਼ ਦੌਰਾਨ ਸ੍ਰੀ ਨਿਤਿਸ਼ ਕੁਮਾਰ ਅਸਤੀਫਾ ਦੇਣ ਤੋਂ ਮਹਿਜ਼ 15 ਘੰਟੇ ਬਾਅਦ ਬਿਹਾਰ ਦੇ ਮੁੜ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਮਹਾਗਠਬੰਦਨ ਨਾਲੋਂ ਤੋੜ ਵਿਛੋੜਾ ਕਰਕੇ ਬੀਤੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਐਨਡੀਏ ਨਾਲ ਸਿਆਸੀ ਸਮਝੌਤਾ ਕਰ ਲਿਆ ਸੀ। ਇਸ ਨਾਲ 20 ਮਹੀਨੇ ਪੁਰਾਣਾ ਜੇਡੀਯੂ-ਆਰਜੇਡੀ ਅਤੇ ਕਾਂਗਰਸ ਮਹਾਗਠਬੰਧਨ ਟੁੱਟ ਗਿਆ। ਵੀਰਵਾਰ ਨੂੰ ਸਵੇਰੇ 10 ਵਜੇ ਸ੍ਰੀ ਨਿਤਿਸ਼ ਕੁਮਾਰ ਨੇ ਭਾਜਪਾ ਦੇ ਸਹਿਯੋਗ ਨਾਲ 6ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ ਨੇ ਮਹਾਗਠਬੰਧਨ ਨਾਲ ਭ੍ਰਿਸ਼ਟਾਚਾਰ ਦੇ ਮੁੱਦੇ ਉਪਰ ਵਿਵਾਦ ਦੇ ਚਲਦਿਆਂ ਬੁੱਧਵਾਰ ਸ਼ਾਮੀ 6 ਵਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੀਤੀ ਰਾਤ ਤੋਂ ਚੱਲੇ ਘਟਨਾਕ੍ਰਮ ਦੌਰਾਨ ਉਨ੍ਹਾਂ ਨੇ ਭਾਜਪਾ ਨਾਲ ਨਾਤਾ ਜੋੜ ਲਿਆ। ਰਾਤ ਨੂੰ ਹੀ ਆਰਜੇਡੀ, ਭਾਜਪਾ ਅਤੇ ਕੁਝ ਹੋਰ ਸਿਆਸੀ ਧਿਰਾਂ ਦੇ ਵਿਧਾਇਕਾਂ ਦੀ ਹਮਾਇਤ ਨਾਲ ਉਹ ਮੁੜ ਵਿਧਾਇਕ ਦਲ ਦੇ ਆਗੂ ਚੁਣੇ ਗਏ। ਦੇਰ ਸ਼ਾਮ ਗਏ ਬਿਹਾਰ ਦੇ ਰਾਜਪਾਲ ਨੇ ਉਨ੍ਹਾਂ ਨੂੰ ਨਵੇਂ ਸਰਕਾਰ ਦੇ ਗਠਨ ਦਾ ਸੱਦਾ ਦੇ ਦਿੱਤਾ। ਵੀਰਵਾਰ ਨੂੰ ਉਨ੍ਹਾਂ ਨੇ ਭਾਜਪਾ ਆਗੂ ਸ੍ਰੀ ਸੁਸ਼ੀਲ ਮੋਦੀ ਦੇ ਨਾਲ ਹਲਫ ਲਿਆ ਹੈ। ਸ੍ਰੀ ਸ਼ਿੰਦੇ ਉਪ ਮੁੱਖ ਮੰਤਰੀ ਬਣਾਏ ਗਏ ਹਨ। ਬਾਕੀ ਮੰਤਰੀ ਉਹ ਵਿਧਾਨ ਸਭਾ ਵਿੱਚ ਬਹੁਮਤ ਸਾਬਿਤ ਕਰਨ ਤੋਂ ਬਾਅਦ ਬਣਾਉਣਗੇ। ਖਬਰ ਮੁਤਾਬਿਕ ਦੋਵੇਂ ਪਾਰਟੀਆਂ ਦੇ 14-14 ਮੰਤਰੀ ਬਣਾਏ ਜਾਣਗੇ। ਇਸ ਦੌਰਾਨ ਕਾਂਗਰਸ ਅਤੇ ਆਰਜੇਡੀ ਵੱਲੋਂ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ। ਜੇਡੀਯੂ ਵਿੱਚ ਵੀ ਸ੍ਰੀ ਨਿਤਿਸ਼ ਕੁਮਾਰ ਦੇ ਫੈਸਲੇ ਨੂੰ ਲੈ ਕੇ ਦੋਚਿੱਤੀ ਦਾ ਮਾਹੌਲ ਹੈ। ਆਰਜੇਡੀ ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਤੇਜੱਸਵੀ ਯਾਦਵ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਜਾਣਗੇ, ਕਿਉਂਕਿ ਆਰਜੇਡੀ ਨੂੰ ਸਭ ਤੋਂ ਵੱਡੀ ਪਾਰਟੀ ਹੋਣ ਕਰਕੇ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ ਗਿਆ। ਉਧਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਸ੍ਰੀ ਨਿਤਿਸ਼ ਕੁਮਾਰ ਨੂੰ ਵਧਾਈ ਦਿੱਤੀ ਹੈ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਆਖਿਆ ਹੈ ਕਿ ਸ੍ਰੀ ਨਿਤਿਸ਼ ਕੁਮਾਰ ਸਵਾਰਥਾਂ ਲਈ ਮਹਾਗਠਬੰਧਨ ਤੋਂ ਵੱਖ ਹੋਏ ਹਨ। ਸ੍ਰੀ ਨਿਤਿਸ਼ ਕੁਮਾਰ ਨੇ ਹਲਫ ਲੈਣ ਤੋਂ ਬਾਅਦ ਸਫਾਈ ਦਿੰਦੇ ਹੋਏ ਆਖਿਆ ਹੈ ਕਿ ਉਨ੍ਹਾਂ ਨੇ ਜੋ ਫੈਸਲਾ ਲਿਆ ਹੈ ਉਹ ਬਿਹਾਰ ਦੇ ਵਿਕਾਸ ਅਤੇ ਹਿੱਤਾਂ ਲਈ ਲਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵੀਂ ਸਰਕਾਰ ਬਿਹਾਰ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਵੇਗੀ। ਆਰਜੇਡੀ ਨੇ ਐਨ ਆਖਰੀ ਮੌਕੇ ਹਲਫ ਸਮਾਰੋਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਸਫਲ ਨਹੀਂ ਹੋ ਸਕੇ। ਸੂਬੇ ਦੇ ਉਪ ਮੁੱਖ ਮੰਤਰੀ ਸ੍ਰੀ ਸੁਸ਼ੀਲ ਮੋਦੀ ਨੇ ਦਾਅਵਾ ਕੀਤਾ ਹੈ ਕਿ ਬਿਹਾਰ ਵਿਧਾਨ ਸਭਾ ’ਚ ਉਨ੍ਹਾਂ ਦੇ ਗੱਠਜੋੜ ਨੂੰ 132 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ 243 ਹੈ। ਬਹੁਮਤ ਲਈ ਕੁੱਲ੍ਹ 129 ਵਿਧਾਇਕਾਂ ਦੀ ਜ਼ਰੂਰਤ ਹੈ।