ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਦਿੱਤੀ ਵਧਾਈ
ਪਟਿਆਲਾ, 26 ਜੁਲਾਈ-ਖ਼ਾਲਸਾ ਕਾਲਜ, ਪਟਿਆਲਾ ਦੀ ਐਮ.ਏ. ਅੰਗਰੇਜ਼ੀ ਭਾਗ ਦੂਜਾ ਦੀ ਵਿਦਿਆਰਥਣ ਸਵਲੀਨ ਕੌਰ ਅਤੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਅਨਮੋਲ ਨੇ, ਇਨਕਮ ਟੈਕਸ ਵਿਭਾਗ ਵੱਲੋਂ ‘ਇਨਕਮ ਟੈਕਸ ਦਿਵਸ’ ਨੂੰ ਸਮਰਪਿਤ ਕਰਵਾਏ ਗਏ ਭਾਸ਼ਨ ਮੁਕਾਬਲਿਆਂ ਵਿਚ ਕ੍ਰਮਵਾਰ ਪਹਿਲਾ ਅਤੇ ਤੀਸਰਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਨਕਮ ਟੈਕਸ ਵਿਭਾਗ ਵੱਲੋਂ ਇਹ ਮੁਕਾਬਲੇ, ਰਾਸ਼ਟਰ ਨਿਰਮਾਣ ਵਿਚ ਇਨਕਮ ਟੈਕਸ ਦੀ ਭੂਮਿਕਾ ਵਿਸ਼ੇ ’ਤੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿਚ ਪਟਿਆਲਾ ਜ਼ਿਲੇ ਦੇ ਸਮੂਹ ਕਾਲਜਾਂ ਨੇ ਭਾਗ ਲਿਆ ਅਤੇ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਡਾ. ਉਭਾ ਨੇ ਭਾਸ਼ਨ ਪ੍ਰਤੀਯੋਗਤਾ ਦੇ ਇੰਚਾਰਜ ਅਧਿਆਪਕ ਪ੍ਰੋ. ਜਸਪ੍ਰੀਤ ਕੌਰ ਨੂੰ ਵੀ ਉਨ੍ਹਾਂ ਦੀ ਸੁਯੋਗ ਅਗਵਾਈ ਅਤੇ ਮਿਹਨਤ ਲਈ ਵਧਾਈ ਦਿੱਤੀ। ਡਾ. ਉਭਾ ਨੇ ਇਨਕਮ ਟੈਕਸ ਵਿਭਾਗ ਦੇ ਇਸ ਯਤਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਭਵਿੱਖ ਵਿਚ ਇਨਕਮ ਟੈਕਸ ਭਰਨ ਪ੍ਰਤੀ ਸੁਹਿਰਦਤਾ ਪੈਦਾ ਕਰਦੇ ਹਨ ਅਤੇ ਉਹਨਾਂ ਨੂੰ ਇਸ ਦੇਸ਼ ਦੀ ਉਨਤੀ ਲਈ ਸਹੀ ਥਾਵਾਂ ਉਤੇ ਵਰਤੇ ਜਾਣ ਪ੍ਰਤੀ ਜਾਣਕਾਰੀ ਦਿੰਦੇ ਹਨ।