ਸੰਗਰੂਰ, 17 ਅਕਤੂਬਰ (ਹਰਿੰਦਰਪਾਲ ਸਿੰਘ ਖਾਲਸਾ, ਰਾਜ ਵਰਮਾ)-ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਨਿਰਧਾਰਤ ਕੀਤੇ ਮਾਪਦੰਡ ਰਾਜ ਵਿੱਚ ਝੋਨੇ ਦੀ ਬਿਨਾ ਅੜਚਨ ਖਰੀਦ ਵਿੱਚ ਅੜਿੱਕਾ ਹਨ। ਅੱਜ ਸਥਾਨਕ ਰਣਬੀਰ ਕਾਲਜ ਵਿਖੇ ਸਰਸ ਮੇਲਾ-2013 ਦਾ ਉਦਘਾਟਨ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਦੀਆਂ ਜ਼ਮੀਨੀ ਹਕੀਕਤਾਂ ਨੂੰ ਨਜ਼ਰ ਅੰਦਾਜ਼ ਕਰਕੇ ਝੋਨੇ ਦੀ ਖਰੀਦ ਦੇ ਮਾਪਦੰਡ ਨਿਰਧਾਰਤ ਕੀਤੇ ਹਨ। ਸ੍ਰ. ਬਾਦਲ ਨੇ ਕਿਹਾ ਕਿ ਭਾਵੇਂ ਖੇਤੀਬਾੜੀ ਰਾਜ ਦਾ ਵਿਸ਼ਾ ਹੈ ਪਰ ਇਸ ਦੇ ਬਾਵਜੂਦ ਕੇਂਦਰ ਨੇ ਇਸ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ, ਜਿਸ ਕਾਰਨ ਰਾਜ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਬਿਨਾ ਅੜਚਨ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਵੱਡੇ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਨਾ ਅੜਚਨ ਖਰੀਦ ਨੂੰ ਯਕੀਨੀ ਬਣਾਉਣਾ ਰਾਜ ਸਰਕਾਰ ਦੀ ਪਹਿਲੀ ਜਿੰੰਮੇਵਾਰੀ ਹੈ ਤਾਂ ਜੋ ਕਿਸਾਨਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਰਾਜ ਸਰਕਾਰ ਨੇ ਰਾਜ ਭਰ ਵਿੱਚ 1795 ਖਰੀਦ ਕੇਂਦਰ ਸਥਾਪਤ ਕੀਤੇ ਹਨ। ਸ੍ਰ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਨੇ ਸੱਭਿਆਚਾਰ ਦੀ ਸੰਭਾਲ ਲਈ ਖਾਸ ਨੀਤੀ ਬਣਾਈ ਹੋਈ ਹੈ ਅਤੇ ਇਸਦੇ ਦਿਸ਼ਾ ਅਨੁਸਾਰ ਰਾਜ ਵਿੱਚ ਕਈ ਯਾਦਗਾਰਾਂ ਬਣਾਈਆਂ ਗਈਆਂ ਹਨ ਅਤੇ ਹੁਣ ਭਲਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 115 ਕਰੋੜ ਰੁਪਏ ਦੀ ਲਾਗਤ ਵਾਲੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਭਰਵੇਂ ਇਕੱਠ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦਸਤਕਾਰੀ ਅਤੇ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਦਿਹਾਤੀ ਦਸਤਕਾਰ ਆਪਣੇ ਪਿੰਡਾਂ ਵਿੱਚ ਰਹਿ ਕੇ ਆਪਣੀ ਕਲਾ ਦਾ ਪਸਾਰਾ ਕਰ ਸਕਣ ਅਤੇ ਰਾਜ ਦੇ ਪੁਰਾਣੇ ਸੱਭਿਆਚਾਰ ਨੂੰ ਕਾਇਮ ਰੱਖ ਸਕਣ।
ਇਸ ਦੌਰਾਨ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਜਿਹੇ ਮੇਲਿਆਂ ਮੌਕੇ ਛੋਟੇ ਦਸਤਕਾਰਾਂ ਵੱਲੋਂ ਹੱਥੀਂ ਤਿਆਰ ਕੀਤੀਆਂ ਵਸਤਾਂ ਨੂੰ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ ਜਿਸ ਨਾਲ ਨਾ ਕੇਵਲ ਦਸਤਕਾਰੀ ਨੂੰ ਉਤਸ਼ਹਿਤ ਕੀਤਾ ਜਾ ਸਕਦਾ ਹੈ ਸਗੋਂ ਹਜ਼ਾਰਾਂ ਵਿਅਕਤੀਆਂ ਨੂੰ ਸਿੱਧਾ ਰੁਜ਼ਗਾਰ ਵੀ ਮਿਲਦਾ ਹੈ।
ਇਸੇ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਪੰਜਾਬ ਵਿੱਚ ਲਗਾਏ ਜਾ ਰਹੇ ਇਸ ਛੇਵੇਂ ਸਰਸ ਮੇਲੇ ਵਿੱਚ 24 ਰਾਜਾਂ ਤੋਂ 400 ਦਸਤਕਾਰ ਅਤੇ 100 ਦੇ ਕਰੀਬ ਕਲਾਕਾਰ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਹ ਮੇਲਾ 27 ਅਕਤੂਬਰ ਤੱਕ ਚੱਲੇਗਾ ਅਤੇ ਦਿਹਾਤੀ ਖੇਤਰ ਦੇ ਗਰੀਬੀ ਰੇਖਾ ਤੋਂ ਹੇਠਲੇ ਦਸਤਕਾਰਾਂ ਦਾ ਆਰਥਿਕ ਜੀਵਨ ਪੱਧਰ ਉਚਾ ਚੁੱਕਣ ਵਿੱਚ ਇਹ ਮੇਲਾ ਬੇਹੱਦ ਸਹਾਈ ਹੁੰਦਾ ਹੈ। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਮੇਲਾ ਦਾ ਭਰਪੂਰ ਲਾਹਾ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਮੁੱਖ ਸੰਸਦੀ ਸਕੱਤਰ ਸ੍ਰ. ਬਲਬੀਰ ਸਿੰਘ ਘੁੰਨਸ, ਵਿਧਾਇਕ ਸ੍ਰ. ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਸ੍ਰ. ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ, ਸਾਬਕਾ ਮੰਤਰੀ ਸ੍ਰ. ਰਣਜੀਤ ਸਿੰਘ ਬਾਲੀਆਂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ. ਜਸਬੀਰ ਸਿੰਘ ਦਿਓਲ, ਡੀ. ਆਈ. ਜੀ. ਸ੍ਰੀ ਸ਼ਿਵੇ ਕੁਮਾਰ ਵਰਮਾ, ਡੀ. ਆਈ. ਜੀ. ਸ੍ਰ. ਗੁਰਪ੍ਰੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ, ਯੂਥ ਅਕਾਲੀ ਆਗੂ ਸ੍ਰ. ਅਮਨਵੀਰ ਸਿੰਘ ਚੈਰੀ, ਡਾ. ਮੁਸ਼ਤਾਕ, ਸ਼ਾਹਿਦ ਜੇ. ਪੀ., ਕਰਮਜੀਤ ਸਿੰਘ ਰੱਖੜਾ ਪ੍ਰਧਾਨ ਐÎੱਨ. ਆਰ. ਆਈ. ਵਿੰਗ, ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰੈੱਸ ਸਕੱਤਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।