ਆਜਾਦੀ ਦਿਹਾੜੇ ਸਮਾਗਮ ਮੌਕੇ ਅਮੀਰ ਵਿਰਾਸਤ ਨੂੰ ਦਰਸਾਉਂਦੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ ਖਿੱਚ ਦਾ ਕੇਂਦਰ

5 ਅਗਸਤ ਤੋਂ ਸ਼ੁਰੂ ਹੋਣਗੀਆਂ ਰਿਹਰਸਲਾਂ

ਜਲੰਧਰ, 25 ਜੁਲਾਈ – 15 ਅਗਸਤ ਨੂੰ ਅਜਾਦੀ ਦਿਹਾੜੇ ਮੌਕੇ ਹੋਣ ਵਾਲੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਸੂਬੇ ਦੀ ਅਮੀਰ ਵਿਰਾਸਤ, ਦੇਸ਼ ਦੀ ਆਜਾਦੀ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਇਸ ਵਾਰ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਅਜਾਦੀ ਦਿਹਾੜੇ ਸਬੰਧੀ ਮੁੱਖ ਸਮਾਗਮ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਹੋਵੇਗਾ। ਇਸ ਸਬੰਧੀ ਫੈਸਲਾ ਅੱਜ ਇੱਥੇ ਸਹਾਇਕ ਕਮਿਸ਼ਨਰ (ਜਨਰਲ) ਡਾ. ਜੈਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਉਨਾਂ ਕਿਹਾ ਕਿ ਇਹ ਦਿਨ ਸਾਡੇ ਸਾਰਿਆਂ ਲਈ ਵੱਡੀ ਮਹੱਤਤਾ ਰੱਖਦਾ ਹੈ ਕਿਉਂ ਜੋ ਇਸ ਦਿਨ ਸਾਡਾ ਦੇਸ਼ ਲੰਬੀ ਗੁਲਾਮੀ ਤੋਂ ਆਜਾਦ ਹੋਇਆ ਸੀ। ਉਨ੍ਹਾਂ ਕਿਹਾ ਕਿ ਆਜਾਦੀ ਮਿਲਣ ਪਿੱਛੋਂ ਇਸਨੂੰ ਬਰਕਰਾਰ ਰੱਖਣਾ ਸਭ ਤੋਂ ਵੱਡੀ ਚੁਣੌਤੀ ਸੀ, ਜਿਸਨੂੰ ਪਾਰ ਕਰਦਿਆਂ ਭਾਰਤ ਹੁਣ ਵਿਸ਼ਵ ਦੀ ਸਭ ਤੋਂ ਵੱਡੀ ਲੋਕਤੰਤਰੀ ਸ਼ਕਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਿਲ੍ਹੇ ਭਰ ਵਿਚ ਕਰਵਾਏ ਜਾਣ ਵਾਲੇ ਸਾਰੇ ਸਮਾਗਮਾਂ ਵਿਚੋਂ ਬਿਹਤਰੀਨ ਸਮਾਗਮ ਦੀ ਚੋਣ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਆਜਾਦੀ ਦਿਹਾੜੇ ਸਬੰਧੀ ਸਮਾਗਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਵਿਸ਼ੇਸ਼ ਕਰਕੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਹੁਣ ਤੋਂ ਸਮਾਗਮ ਲਈ ਤਿਆਰੀਆਂ ਆਰੰਭ ਕਰਨ।

ਇਸ ਮੌਕੇ ਲੈਫਟੀਨੈਂਟ ਕਰਨਲ (ਸੇਵਾ ਮੁਕਤ) ਮਨਮੋਹਨ ਸਿੰਘ ਨੇ ਦੱਸਿਆ ਕਿ ਮਾਰਚ ਪਾਸਟ ਵਿਚ ਭਾਗ ਲੈਣ ਲਈ ਬੀ.ਐਸ.ਐਫ., ਸੀ.ਆਰ.ਪੀ.ਐਫ, ਪੰਜਾਬ ਪੁਲਿਸ ਤੇ ਐਨ.ਸੀ.ਸੀ. ਯੂਨਿਟਾਂ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਯੂਥ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੈਪਟਨ ਇੰਦਰਜੀਤ ਸਿੰਘ ਧਾਮੀ ਨੇ ਦੱਸਿਆ ਕਿ ਸੱਭਿਆਚਾਰਕ ਸਮਾਗਮ ਲਈ ਵਿਦਿਅਕ ਸੰਸਥਾਵਾਂ ਨਾਲ ਤਾਲਮੇਲ ਕੀਤਾ ਜਾ ਚੁੱਕਾ ਹੈ ਅਤੇ 5 ਅਗਸਤ ਤੋਂ ਇਸਦੀ ਰਿਹਰਸਲ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਕੇ.ਐਮ.ਵੀ. ਕਾਲਜ, ਐਸ.ਡੀ. ਕਾਲਜ, ਬੀ.ਡੀ.ਆਰੀਆ ਕਾਲਜ, ਸੇਂਟ ਸੋਲਜ਼ਰ ਗਰੁੱਪ ਆਫ ਇੰਸਟੀਚਿਊਸ਼ਨ, ਗੁਰੂ ਅਮਰ ਦਾਸ ਪਬਲਿਕ ਸਕੂਲ, ਐਸ.ਡੀ. ਫੁੱਲਰਵਾਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।

Send this to a friend