ਸ੍ਰੀ ਅਨੰਦਪੁਰ ਸਾਹਿਬ, 24 ਜੁਲਾਈ (ਦਵਿੰਦਰਪਾਲ ਸਿੰਘ/ ਅੰਕੁਸ਼)- ਸ਼੍ਰੀ ਹਰਿਮੰਦਿਰ ਸਾਹਿਬ ਸਮੇਤ ਹਰ ਉਹ ਸੰਸਥਾ ਜਿਥੇ ਮਾਲਕੀ ਇਕ ਵਿਅਕਤੀ ਦੀ ਨਾਂ ਹੋ ਕੇ ਮਨੁਖਤਾ ਦੀ ਸੇਵਾ ਹੀ ਉਦੇਸ਼ ਹੈ, ਨੂੰ ਜੀ.ਐਸ.ਟੀ ਤੋਂ ਮੁਕਤ ਕੀਤਾ ਜਾਵੇ। ਇਹ ਅਪੀਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਕੀਤੀ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜ ਕਲ ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਲੰਗਰ ਅਤੇ ਪ੍ਰਸ਼ਾਦ ਨੂੰ ਕਰ ਮੁਕਤ ਕਰਨ ਦੀ ਚਰਚਾ ਹੋ ਰਹੀ ਹੈ ਜਿਸ ਵਿਚ ਕਈ ਤਰਾਂ ਦੀਆਂ ਵਿਸ਼ੇ ਤੋ ਬਾਹਰੀ ਤੇ ਭੜਕਾਊ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਚ’ ਰਾਜ ਸਰਕਾਰਾਂ ਜੀ ਐਸ ਟੀ. ਕਾਉੂਂਸਲ ਦੀਆਂ ਮੈਂਬਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਜਿਸਦਾ ਸੰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਹੈ ਅਤੇ ਉਹ ਐਨ.ਡੀ.ਏ ਸਰਕਾਰ ਦਾ ਹਿਸਾ ਵੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਮੰਗ ਨੂੰ ਉਚਿਤ ਪਲੇਟ ਫ਼ਾਰਮ ਤੇ ਵੀ ਚੁਕਣ। ਲਾਲਪੁਰਾ ਨੇ ਕਿਹਾ ਕਿ ਆਪਸੀ ਦੂਸ਼ਣਬਾਜੀ ਸਮਸਿਆ ਦਾ ਹਲ ਨਹੀਂ ਸਗੋਂ ਇਮਾਨਦਾਰੀ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਮੈਂ ਭਾਰਤ ਸਰਕਾਰ ਦੇ ਖਜਾਨਾ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਸ੍ਰੀ ਦਰਬਾਰ ਸਾਹਿਬ ਮਨੁਖਤਾ ਦੇ ਪ੍ਰੇਰਨਾ ਸਰੋਤ ਤੇ ਸੇਵਾ ਕੇਂਦਰ ਨੂੰ ਜੀ ਐਸ ਟੀ ਤੋਂ ਮੁਕਤ ਕਰਨ ਬਾਰੇ ਵਿਚਾਰ ਕਰੇ ਤੇ ਮਨੁੱਖਤਾ ਦੇ ਭਲੇ ਕੀਤੀ ਜਾ ਰਹੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾਵੇ।