ਸ੍ਰੀ ਅਨੰਦਪੁਰ ਸਾਹਿਬ, 21 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)-ਮੁੱਖ ਕਾਰਜਕਾਰੀ ਅਫਸਰ ਵਿਰਾਸਤ-ਏ-ਖਾਲਸਾ-ਕਮ-ਡਾਇਰੈਕਟਰ ਸੈਰ ਸਪਾਟਾ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛਿਮਾਹੀ ਮੁਰੰਮਤ ਪ੍ਰਕਿਰਿਆ ਲਈ ਵਿਰਾਸਤ-ਏ-ਖਾਲਸਾ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰਹੇਗਾ। ਵਿਰਾਸਤ-ਏ-ਖਾਲਸਾ ਦੇ ਮੈਨੇਜਰ ਕਮ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਛਿਮਾਹੀ ਵਿਰਾਸਤ-ਏ-ਖਾਲਸਾ 7 ਦਿਨਾਂ ਲਈ ਜ਼ਰੂਰੀ ਮੁਰੰਮਤ ਲਈ ਸੈਲਾਨੀਆਂ ਅਤੇ ਯਾਤਰੀਆਂ ਲਈ ਬੰਦ ਕੀਤਾ ਜਾਂਦਾ ਹੈ। ਅਜਿਹਾ ਵਿਰਾਸਤ-ਏ-ਖਾਲਸਾ ਦੀ ਉਹ ਮੁਰੰਮਤ ਕਰਨ ਲਈ ਕੀਤਾ ਜਾਂਦਾ ਹੈ ਜੋ ਆਮ ਦਿਨਾਂ ਵਿੱਚ ਨਹੀਂ ਹੋ ਸਕਦੀ। ਉਨ੍ਹਾ ਨੇ ਕਿਹਾ ਕਿ ਇਸ ਦੀ ਅਗਾਂਉ ਸੂਚਨਾ ਦੇ ਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਹੋਣ ਵਾਲੀ ਬੇਲੋੜੀ ਖੱਜਲ ਖੁਆਰੀ ਘੱਟ ਕੀਤੀ ਜਾਂਦੀ ਹੈ ਤਾਂ ਜੋ ਉਤਸੁਕਤਾ ਨਾਲ ਵਿਰਾਸਤ-ਏ-ਖਾਲਸਾ ਦੇਖਣ ਦੇ ਚਾਹਵਾਨ ਇਥੇ ਪੁੱਜਕੇ ਨਿਰਾਸ਼ ਨਾ ਹੋਣ। ਉਨ੍ਹਾਂ ਕਿਹਾ ਕਿ ਮੁੱਖ ਕਾਰਜਕਾਰੀ ਅਫਸਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਜੀ ਦੇ ਨਿਰਦੇਸ਼ਾਂ ਅਨੁਸਾਰ ਹੋਣ ਵਾਲੀ ਜ਼ਰੂਰੀ ਰੱਖ-ਰਖਾਵ ਤੋਂ ਬਾਅਦ 1 ਅਗਸਤ ਤੋਂ ਇਸਨੂੰ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ।